ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਪਰੈਲ
ਦੱਖਣੀ ਦਿੱਲੀ ਵਿੱਚ ਇੱਕ ਟਿਊਸ਼ਨ ਟੀਚਰ ਦੇ ਬੇਟੇ ਦੁਆਰਾ ਇੱਕ ਛੇ ਸਾਲ ਦੀ ਬੱਚੀ ਨਾਲ ਕਥਿਤ ਤੌਰ ’ਤੇ ਛੇੜਛਾੜ ਕੀਤੀ ਗਈ। ਦਿੱਲੀ ਪੁਲੀਸ ਨੇ ਅੱਜ ਦੱਸਿਆ ਕਿ ਉਨ੍ਹਾਂ ਨੇ ਇਸ ਘਟਨਾ ਸਬੰਧੀ ਹੋਮ ਸਿੰਘ (32) ਵਾਸੀ ਸੰਗਮ ਵਿਹਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੰਗਮ ਵਿਹਾਰ ਪੁਲੀਸ ਸਟੇਸ਼ਨ ’ਚ ਕੱਲ੍ਹ ਸ਼ਾਮ 5.30 ਵਜੇ ਇੱਕ ਛੇ ਸਾਲ ਦੀ ਬੱਚੀ ਨਾਲ ਛੇੜਛਾੜ ਸਬੰਧੀ ਇੱਕ ਪੁਲੀਸ ਕੰਟਰੋਲ ਰੂਮ (ਪੀਸੀਆਰ) ਨੂੰ ਕਾਲ ਆਈ ਸੀ। ਸ਼ਿਕਾਇਤਕਰਤਾ ਮਹਿਲਾ ਨੇ ਦੱਸਿਆ ਕਿ ਉਸ ਦੀ ਧੀ ਟਿਊਸ਼ਨ ਲਈ ਗਈ ਸੀ, ਜਿਥੇ ਟਿਊਸ਼ਨ ਅਧਿਆਪਕ ਦੇ ਬੇਟੇ ਨੇ ਉਸ ਦੀ ਧੀ ਨਾਲ ਛੇੜਛਾੜ ਕੀਤੀ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਬੱਚੀ ਨੇ ਸਾਰੀ ਘਟਨਾ ਬਾਰੇ ਦੱਸਿਆ। ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਬਿਆਨ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ।