ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਨਵੰਬਰ
ਇਥੇ ਪੁਲੀਸ ਨੇ ਦੋ ਵਿਅਕਤੀਆਂ ਨੂੰ ਰੇਵਾੜੀ ਦੇ ਇੱਕ ਵਪਾਰੀ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਤੇ ਗ੍ਰਿਫਤਾਰੀ ਤੋਂ ਬਚਣ ਲਈ ਉਸਨੂੰ ਕੁੱਟ-ਕੁੱਟ ਕੇ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਕੌਮੀ ਰਾਜਧਾਨੀ ਦੇ ਪਹਾੜਗੰਜ ਵਿੱਚ ਸਫ਼ਲ ਸਟੋਰ ਚਲਾਉਣ ਵਾਲੇ ਕਾਰੋਬਾਰੀ ਯੋਗੇਸ਼ (32) ਦੀ ਰਿਹਾਈ ਲਈ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਮੁਲਜ਼ਮਾਂ ਦੀ ਪਛਾਣ ਤਨਵੀਰ ਆਲਮ ਤੇ ਮੁਹੰਮਦ ਸ਼ਰੀਫ ਵਾਸੀ ਬਿਹਾਰ ਵਜੋਂ ਹੋਈ ਹੈ। ਵਪਾਰੀ ਦੀ ਲਾਸ਼ ਪੱਛਮੀ ਦਿੱਲੀ ਵਿੱਚੋਂ ਬਰਾਮਦ ਹੋਈ ਹੈ। ਮ੍ਰਿਤਕ ਵਿਅਕਤੀ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਲੜਕਾ 16 ਨਵੰਬਰ ਨੂੰ ਘਰੋਂ ਦਿੱਲੀ ਲਈ ਰਵਾਨਾ ਹੋਇਆ ਸੀ ਜਦੋਂ ਸ਼ਾਮ ਨੂੰ ਪੀੜਤ ਦੀ ਪਤਨੀ ਨੂੰ ਉਸ ਦੇ ਨੰਬਰ ਤੋਂ ਫ਼ੋਨ ਆਇਆ ਅਤੇ ਫ਼ੋਨ ਕਰਨ ਵਾਲੇ ਨੇ ਉਸ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਤੇ ਉਸਨੂੰ ਪੁਰਾਣੀ ਦਿੱਲੀ ਦੀ ਮਸਜਿਦ ਦੇ ਕੋਲ ਰਕਮ ਪਹੁੰਚਾਉਣ ਲਈ ਕਿਹਾ। ਯੋਗੇਸ਼ ਦੇ ਰਿਸ਼ਤੇਦਾਰ ਨੇ ਕੋਸਲੀ ਪੁਲੀਸ ਸਟੇਸ਼ਨ ਤੱਕ ਪਹੁੰਚ ਕੀਤੀ। 17 ਨਵੰਬਰ ਨੂੰ ਪੀੜਤਾ ਦਾ ਰਿਸ਼ਤੇਦਾਰ ਕਰੀਬ 2 ਵਜੇ ਮਸਜਿਦ ਪਹੁੰਚਿਆ। ਬਾਅਦ ਵਿੱਚ ਉਨ੍ਹਾਂ ਨੂੰ ਕ੍ਰਮਵਾਰ ਦਿਲੀ ਗੇਟ, ਦਰਿਆਗੰਜ ਬੁਲਾਇਆ ਗਿਆ। ਆਖਰਕਾਰ ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਏਟੀਐੱਮ ਬੂਥ ਦੇ ਸਾਹਮਣੇ ਖੜ੍ਹੇ ਹੋਣ ਲਈ ਕਿਹਾ। ਇਸ ਦੌਰਾਨ ਇੱਕ ਦੋਸ਼ੀ ਆਲਮ ਨੂੰ ਪੁਲੀਸ ਨੇ ਦਬੋਚ ਲਿਆ ਜਦ ਕਿ ਦੂਜਾ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁੱਛਗਿੱਛ ਕਰਨ ’ਤੇ ਆਲਮ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਯੋਗੇਸ਼ ਦੀ ਹੱਤਿਆ ਕੀਤੀ ਹੈ ਕਿਉਂਕਿ ਉਹ ਉਨ੍ਹਾਂ ਨੂੰ ਜਾਣਦਾ ਸੀ, ਪੀੜਤ ਦੇ ਰਿਸ਼ਤੇਦਾਰ ਆਲਮ ਤੇ ਪੁਲੀਸ ਦੇ ਨਾਲ ਘਟਨਾ ਵਾਲੀ ਥਾਂ ’ਤੇ ਪਹੁੰਚੇ ਤੇ ਲਾਸ਼ ਬਰਾਮਦ ਕੀਤੀ।