ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਤੇ ਗੁਜਰਾਤ ਪੁਲੀਸ ਦੇ ਅਤਿਵਾਦ ਵਿਰੋਧੀ ਦਸਤੇ ਨੇ ਦਿੱਲੀ-ਐਨਸੀਆਰ ਖੇਤਰ ਵਿੱਚ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਦੋਸ਼ ਹੇਠ ਇੱਕ 22 ਸਾਲਾ ਅਫ਼ਗਾਨ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਮੁਲਜ਼ਮ ਵਹੀਦੁੱਲਾ ਦਾ ਦੇਸ਼ ਭਰ ‘ਚ ਨੈੱਟਵਰਕ ਸੀ ਅਤੇ ਉਹ ਦਿੱਲੀ-ਐੱਨਸੀਆਰ ‘ਚ ਨਸ਼ਾ ਸਪਲਾਈ ਕਰਦਾ ਸੀ। ਵਿਸ਼ੇਸ਼ ਪੁਲੀਸ ਕਮਿਸ਼ਨਰ (ਅਪਰਾਧ ਸ਼ਾਖਾ) ਰਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਟੀਮ ਨੇ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਵਹੀਦੁੱਲਾ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ ਹੈਰੋਇਨ ਬਰਾਮਦ ਕੀਤੀ ਹੈ। ਪੁੱਛ-ਪੜਤਾਲ ਦੌਰਾਨ ਵਹੀਦੁੱਲਾ ਨੇ ਖੁਲਾਸਾ ਕੀਤਾ ਕਿ ਉਹ 2016 ‘ਚ 6 ਮਹੀਨਿਆਂ ਲਈ ਮੈਡੀਕਲ ਵੀਜ਼ੇ ‘ਤੇ ਭਾਰਤ ਆਇਆ ਸੀ ਅਤੇ ਬਾਅਦ ‘ਚ ਆਪਣੇ ਪਿਤਾ ਤੇ ਮੁਸਤਫਾ ਸਟੈਨਿਕਜ਼ਈ ਨਾਂ ਦੇ ਇਕ ਹੋਰ ਅਫਗਾਨ ਨਾਗਰਿਕ ਨਾਲ ਨਸ਼ਾ ਸਪਲਾਈ ਕਰਨ ‘ਚ ਸ਼ਾਮਲ ਹੋ ਗਿਆ।