ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੁਲਾਈ
ਦਿੱਲੀ ਮੈਟਰੋ ਵਿੱਚ ਮਹਿਲਾ ਨਾਲ ਕਥਿਤ ਛੇੜਛਾੜ ਦੇ ਦੋਸ਼ ਹੇਠ ਪੁਲੀਸ ਨੇ ਇੱਕ 40 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮਾਨਵ ਅਗਰਵਾਲ ਵਾਸੀ ਕੋਟਲਾ ਮੁਬਾਰਕਪੁਰ ਵਜੋਂ ਹੋਈ ਹੈ। ਔਰਤ ਨੇ ਟਵਿੱਟਰ ’ਤੇ ਆਪਣੀ ਹੱਡਬੀਤੀ ਦੱਸੀ ਸੀ। ਰੇਲਵੇ ਪੁਲੀਸ ਡਿਪਟੀ ਕਮਿਸ਼ਨਰ ਹਰਿੰਦਰ ਕੇ ਸਿੰਘ ਨੇ ਕਿਹਾ ਕਿ ਮੀਡੀਆ ਰਾਹੀਂ ਘਟਨਾ ਬਾਰੇ ਪਤਾ ਲੱਗਣ ਮਗਰੋਂ ਮੁਲਜ਼ਮ 4 ਜੂਨ ਨੂੰ ਨੇਪਾਲ ਭੱਜ ਗਿਆ ਸੀ। ਇਸ ਦੌਰਾਨ ਉਸ ਨੇ ਅਗਾਊਂ ਜ਼ਮਾਨਤ ਲਈ ਅਰਜ਼ੀ ਵੀ ਦਿੱਤੀ ਸੀ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੂੰ ਦੱਖਣੀ ਦਿੱਲੀ ਦੇ ਸਾਕੇਤ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਔਰਤ ਨੇ ਟਵਿੱਟਰ ’ਤੇ ਦਾਅਵਾ ਕੀਤਾ ਸੀ ਕਿ 2 ਜੂਨ ਨੂੰ ਉਹ ਯੈਲੋ ਲਾਈਨ ’ਤੇ ਦਿੱਲੀ ਮੈਟਰੋ ਵਿੱਚ ਸਫ਼ਰ ਕਰ ਰਹੀ ਸੀ, ਜਦੋਂ ਇੱਕ ਅਜਨਬੀ ਨੇ ਪਤਾ ਪੁੱਛਣ ਦੇ ਬਹਾਨੇ ਅਸ਼ਲੀਲ ਹਰਕਤ ਕੀਤੀ ਸੀ।