ਪੱਤਰ ਪ੍ਰੇਰਕ
ਨਵੀਂ ਦਿੱਲੀ 12 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਅਗਵਾਈ ’ਚ ਅੱਜ ਇਥੇ ਕਮੇਟੀ ਦੇ ਅੰਤ੍ਰਿੰਗ ਬੋਰਡ ਦੀ ਅਹਿਮ ਮੀਟਿੰਗ ਹੋਈ। ਇਸ ਵਿੱਚ ਡੀਐੱਸਜੀਐੱਮਸੀ ਵੱਲੋਂ ਅਗਲੇਰੇ ਸਮੇਂ ’ਚ ਉਲੀਕੇ ਜਾਣ ਵਾਲੇ ਕਈ ਕੰਮਾਂ ਦੇ ਸੰਭਾਵਤ ਖਰਚਿਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ । ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਮੀਟਿੰਗ ’ਚ ਸਭ ਤੋਂ ਪਹਿਲਾਂ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਅਵਤਾਰ ਸਿੰਘ ਹਿੱਤ ਨਮਿਤ ਸ਼ਰਧਾਂਜਲੀ ਭੇਟ ਕੀਤੀ ਗਈ । ਪਾਸ ਕੀਤੇ ਗਏ ਮਤਿਆਂ ਅਨੁਸਾਰ ਪੰਜਾਬ ਦੇ ਮਾਨਸਾ ਤੋਂ ਪਿੰਡ ਵੀਰੇ ਵਾਲਾ ਡੋਕਰਾ ਤੋਂ ਭਾਰਤੀ ਫੌਜ ’ਚ ਸ਼ਾਮਲ 22 ਸਾਲਾ ਸਿੱਖ ਫੌਜੀ ਗੁਰਤੇਜ ਸਿੰਘ ਜਿਸ ਨੇ ਗਲਵਾਨ ਵਾਦੀ ’ਚ ਬਿਨਾਂ ਕਿਸੇ ਆਧੁਨਿਕ ਹਥਿਆਰ ਦੇ ਚੀਨੀ ਫੌਜ ਦਾ ਆਪਣੀ ਕਿਰਪਾਨ ਨਾਲ ਟਾਕਰਾ ਕਰਦੇ ਹੋਏ ਬੜੀ ਦਲੇਰੀ ਨਾਲ 14 ਚੀਨੀ ਫੌਜੀਆਂ ਨੂੰ ਮਾਰ ਕੇ ਭਾਰਤ ਅਤੇ ਸਿੱਖ ਕੌਮ ਦੀ ਸ਼ਾਨ ਵਧਾਈ ਸੀ, ਉਸ ਦਾ ਚਿੱਤਰ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਅਜਾਇਬ ਘਰ ’ਚ ਲਗਾਇਆ ਜਾਵੇਗਾ।
ਗੁਰਦੁਆਰਾ ਮਾਤਾ ਸੁੰਦਰੀ ’ਚ ਸੰਗਤਾਂ ਦੀ ਸਹੂਲਤ ਲਈ ‘ਭਾਈ ਲੱਖੀ ਸ਼ਾਹ ਵਣਜਾਰਾ ਹਾਲ’ ਦੀ ਤਰਜ਼ ’ਤੇ ਇਕ ਅਤਿ-ਆਧੁਨਿਕ ਸਹੂਲਤਾਂ ਵਾਲੇ ਹਾਲ ਦੀ ਉਸਾਰੀ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਬਹੁ-ਮੰਜ਼ਲਾ ਗਰਲਜ਼ ਹੋਸਟਲ ਦੀ ਉਸਾਰੀ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਗਈ। ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ 300ਵੀਂ ਜਨਮ ਸ਼ਤਾਬਦੀ ਸਮਾਗਮਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਾਨਾਮੱਤੇ ਢੰਗ ਨਾਲ ਮਨਾਉਣ ਲਈ ਹੋਣ ਵਾਲੇ ਖਰਚਿਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ ।