ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੁਲਾਈ
‘ਆਪ’ ਵਿਧਾਇਕ ਤੇ ਐਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਹੁਣ ਦਿੱਲੀ ਦੇ ਐਲਜੀ ਨੇ ਵੀ ਸਵੀਕਾਰ ਕਰ ਲਿਆ ਹੈ ਕਿ ਭਾਜਪਾ ਨੇ ਐਮਸੀਡੀ ਵਿੱਚ ਕੋਈ ਕੰਮ ਨਹੀਂ ਕੀਤਾ ਹੈ। ਸ਼ੁੱਕਰਵਾਰ ਐਲਜੀ ਵਿਨੈ ਸਕਸੈਨਾ ਨੇ ਟਵੀਟ ਕਰਕੇ ਦਿੱਲੀ ਦੇ ਲੋਕਾਂ ਤੋਂ ਕੂੜੇ ਦੇ ਪਹਾੜਾਂ ਨੂੰ ਘੱਟ ਕਰਨ ਲਈ ਸੁਝਾਅ ਮੰਗੇ ਸਨ।
ਕੇਜਰੀਵਾਲ ਦੀ ਆਮ ਆਦਮੀ ਪਾਰਟੀ ਐਮਸੀਡੀ ਦੇ ਸੱਤਾ ਵਿੱਚ ਆਉਂਦੇ ਹੀ ਸਾਰੇ ਕੂੜੇ ਦੇ ਪਹਾੜਾਂ ਨੂੰ ਖ਼ਤਮ ਕਰ ਦੇਵੇਗੀ। ਪਾਠਕ ਨੇ ਦਿੱਲੀ ਦੇ ਐਲਜੀ ਤੇ ਭਾਜਪਾ ਨੂੰ ਬੇਨਤੀ ਕੀਤੀ ਕਿ ਉਹ ਐਮਸੀਡੀ ਦੀਆਂ ਚੋਣਾਂ ਜਲਦੀ ਤੋਂ ਜਲਦੀ ਕਰਵਾਉਣ। ਦਿੱਲੀ ਦੇ ਲੋਕ ਐਮਸੀਡੀ ਵਿੱਚ ਭਾਜਪਾ ਦਾ ਭ੍ਰਿਸ਼ਟਾਚਾਰ ਨਹੀਂ ਸਗੋਂ ਅਰਵਿੰਦ ਕੇਜਰੀਵਾਲ ਦੀ ਕੰਮ ਦੀ ਰਾਜਨੀਤੀ ਚਾਹੁੰਦੇ ਹਨ।
ਆਮ ਆਦਮੀ ਪਾਰਟੀ ਦੇ ਰਾਜੇਂਦਰ ਨਗਰ ਦੇ ਵਿਧਾਇਕ ਅਤੇ ਐਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਇੱਕ ਡਿਜੀਟਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੱਲ੍ਹ ਦਿੱਲੀ ਦੇ ਐਲਜੀ ਵਿਨੈ ਕੁਮਾਰ ਸਕਸੈਨਾ ਨੇ ਵੀ ਸਵੀਕਾਰ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ 15 ਸਾਲਾਂ ਦੇ ਕਾਰਜਕਾਲ ਵਿੱਚ ਕੁਝ ਨਹੀਂ ਕੀਤਾ ਹੈ। ਹੁਣ ਤਾਂ ਐਲਜੀ ਨੇ ਵੀ ਮੰਨਿਆ ਕਿ ਪੂਰੀ ਦਿੱਲੀ ਕੂੜੇ ਦੇ ਪਹਾੜਾਂ ਨਾਲ ਘਿਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ’ਚ ਭਾਜਪਾ ਨੇ ਇਸ ’ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਹਨ ਪਰ ਕੂੜੇ ਦੇ ਪਹਾੜਾਂ ਨੂੰ ਇਕ ਇੰਚ ਵੀ ਨਹੀਂ ਹਿਲਾ ਸਕੀ। ਦੁਰਗੇਸ਼ ਨੇ ਕਿਹਾ ਕਿ ਜੇਕਰ ਆਪ ਨੂੰ ਜ਼ਿੰਮੇਵਾਰੀ ਮਿਲਦੀ ਹੈ ਤਾਂ ਉਹ ਇਸ ਸਾਰੇ ਕਾਰਜ ਨੂੰ ਸਫ਼ਲਤਾ ਨਾਲ ਸਿਰੇ ਚੜ੍ਹਾਉਣਗੇ।