ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਗਸਤ
ਦਿੱਲੀ ਸਰਕਾਰ ਵੱਲੋਂ ਰਾਜਧਾਨੀ ਵਿੱਚ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਇਲੈਕਟ੍ਰਿਕ ਬੱਸਾਂ ਲਈ ਕੇਂਦਰ ਤੋਂ ਸਬਸਿਡੀ ਲੈ ਕੇ ਬੱਸਾਂ ਲਈ ਦਿੱਤੀ ਜਾਵੇਗੀ। ਇਹ ਸਬਸਿਡੀ 1000 ਇਲੈਕਟ੍ਰਿਕ ਬੱਸਾਂ ਲਈ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਦਿੱਲੀ ਸਰਕਾਰ ਵੱਲੋਂ ਰਾਜਧਾਨੀ ਵਿੱਚ ਪਹਿਲੇ ਪੜਾਅ ਤਹਿਤ 200 ਥਾਵਾਂ ਉਪਰ ‘ਬਿਜਲੀ ਚਾਰਜਿੰਗ ਸਟੇਸ਼ਨ’ ਅਗਲੇ ਇਕ ਸਾਲ ਵਿੱਚ ਸਥਾਪਿਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਤੇ ਹਰੇਕ 3 ਕਿਲੋਮੀਟਰ ਦੇ ਫ਼ਾਸਲੇ ਉਪਰ ਇਹ ਬਣਾਉਣ ਦੀ ਯੋਜਨਾ ਹੈ। ਦਿੱਲੀ ਸਰਕਾਰ ਦੀ ਨਵੀਂ ਇਲੈਕ੍ਰਟਿਕ ਨੀਤੀ ਤਹਿਤ ਅਗਲੇ ਸਾਲਾਂ ਦੌਰਾਨ 5 ਲੱਖ ਵੱਖ-ਵੱਖ ਇਲੈਕ੍ਰਟਿਕ ਗੱਡੀਆਂ ਰਜਿਸਟਰਡ ਕਰਨ ਦੀ ਯੋਜਨਾ ਹੈ ਜੋ 2024 ਤਕ ਅਮਲ ਵਿੱਚ ਲਿਆਂਦੀ ਜਾਵੇਗੀ। ਦਿੱਲੀ ਦੇ ਮੁੱਖ ਮੰਤਰੀ ਵੱਲੋਂ ਦਿੱਲੀ ਦੀ ਨਵੀਂ ਇਲੈਕ੍ਰਟਿਕ ਨੀਤੀ ਜਾਰੀ ਕਰਨ ਸਮੇਂ ਕਿਹਾ ਗਿਆ ਸੀ ਕਿ ਪ੍ਰਦੂਸ਼ਣ ਮੁਕਤ ਦਿੱਲੀ ਵਿੱਚ ਹਵਾ ਤੇ ਸ਼ੋਰ ਪ੍ਰਦੂਸ਼ਣ ਰੋਕਣ ਲਈ ਤੇਲ ਆਧਾਰਤ ਗੱਡੀਆਂ ਦੀ ਕਮੀ ਕਰਨੀ ਹੋਵੇਗੀ। ਸਬਸਿਡੀ ਲਈ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੌਤ ਵੱਲੋਂ ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਘ ਨਾਲ ਬੀਤੇ ਦਿਨੀਂ ਮੁਲਾਕਾਤ ਵੀ ਕੀਤੀ ਗਈ ਸੀ ਜਿਸ ਵਿੱਚ ਸਬਸਿਡੀ ਬਾਰੇ ਚਰਚਾ ਕੀਤੀ ਗਈ ਸੀ। ਕੇਂਦਰ ਵੱਲੋਂ ਦਿੱਲੀ ਤੇ ਕੌਮੀ ਰਾਜਧਾਨੀ ਦਿੱਲੀ ਖੇਤਰ (ਐਨਸੀਆਰ) ਬਾਰੇ ਇਹ ਨੀਤੀ ਤਿਆਰ ਕੀਤੀ ਜਾ ਰਹੀ ਹੈ।