ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੁਲਾਈ
ਦਿੱਲੀ ਸਰਕਾਰ ਵੱਲੋਂ ਬਰਖ਼ਾਸਤ 884 ਤੋਂ ਵੱਧ ਆਂਗਨਵਾੜੀ ਵਰਕਰਾਂ ਵੱਲੋਂ ਅੱਜ ਦਿੱਲੀ ਦੇ ਜੰਤਰ-ਮੰਤਰ ’ਤੇ ਇਕੱਠੀਆਂ ਹੋ ਕੇ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਬਰਖ਼ਾਸਤ ਵਰਕਰਾਂ ਤੇ ਹੈਲਪਰਾਂ ‘ਆਲ ਇੰਡੀਆ ਫੈਡਰੇਸ਼ਨ ਆਫ ਆਂਗਨਵਾੜੀ ਵਰਕਰਜ਼’ (ਏਆਈਐੱਫਡਬਲਿਊਏਐੱਚ) ਦੇ ਬੈਨਰ ਹੇਠ ਇਕੱਠੀਆਂ ਹੋਈਆਂ ਤੇ ਆਪਣੀਆਂ ਮੰਗਾਂ ਲਈ ਸੰਘਰਸ਼ ਦਾ ਹੋਕਾ ਦਿੱਤਾ।
ਦਿੱਲੀ ਆਂਗਨਵਾੜੀ ਵਰਕਰ ਯੂਨੀਅਨ ਵੱਲੋਂ ਦਿੱਲੀ ਸਰਕਾਰ ਤੋਂ ਬਰਖਾਸਤਗੀ ਰੱਦ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਆਪਣੇ ਹੱਕਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੀਆਂ ਹਨ ਤੇ ਉਨ੍ਹਾਂ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੀ ਆਵਾਜ਼ ਬੁਲੰਦ ਕਰ ਸਕਦੀਆਂ ਹਨ। ਵਰਕਰਾਂ ਨੇ ਕਿਹਾ ਕਿ ਉਨ੍ਹਾਂ ਦੀ ਦਿੱਲੀ ਦੇ ਮੁੱਖ ਮੰਤਰੀ ਤੋਂ ਲੈ ਕੇ ਉਪ ਰਾਜਪਾਲ ਤੱਕ ਕਿਸੇ ਨੇ ਨਹੀਂ ਸੁਣੀ ਤੇ 884 ਆਂਗਨਵਾੜੀ ਵਰਕਰਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਇਹ ਵਰਕਰਾਂ ਮਾਰਚ ਤੋਂ ਲਗਾਤਾਰ ਮਾਣ ਭੱਤੇ ਵਿੱਚ ਵਾਧੇ ਤੇ ਹੋਰ ਮੰਗਾਂ ਨੂੰ ਲੈ ਕੇ ਆਏ ਦਿਨ ਮੁੱਖ ਮੰਤਰੀ ਦੇ ਨਿਵਾਸ ਨੇੜੇ ਰੋਸ ਪ੍ਰਦਰਸ਼ਨ ਕਰਦੀਆਂ ਆ ਰਹੀਆਂ ਸਨ। ਏਆਈਐਫਡਬਲਿਊਏਐੱਚ ਵੱਲੋਂ ਜੰਤਰ-ਮੰਤਰ ਉਪਰ ‘ਆਂਗਨਵਾੜੀ ਅਧਿਕਾਰ ਪੜ੍ਹਾਓ’ ਤਹਿਤ 4 ਦਿਨ ਲਈ ਡੇਰਾ ਲਾਇਆ ਗਿਆ ਹੈ ਤੇ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕੀਤੀ ਗਈ। ਜਥੇਬੰਦੀ ਦੀ ਪ੍ਰਧਾਨ ਏਆਰ ਸਿੰਧੂ ਨੇ ਕੇਂਦਰ ਸਰਕਾਰ ਸਮੇਤ ਰਾਜ ਸਰਕਾਰਾਂ ਤੋਂ ਮੰਗ ਕੀਤੀ ਕਿ ਸਿਹਤ ਪ੍ਰਬੰਧ ਨਾਲ ਜੁੜੇ ਬੱਚਿਆਂ ਤੇ ਗਰਭਵਤੀ ਮਾਵਾਂ ਲਈ ਕਾਰਜਸ਼ੀਲ ਔਰਤਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਤੇ ਮਨੁੱਖੀ ਅਧਿਕਾਰਾਂ ਤਹਿਤ ਮਾਣ ਦਿੱਤਾ ਜਾਵੇ।