ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਸਾਹਿਤ ਤੇ ਚਿੱਤਰਾਂ ਦੀ ਪ੍ਰਦਰਸ਼ਨੀ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਰੋਵਰ ਦੇ ਕੰਢੇ ’ਤੇ ਲਗਾਈ ਗਈ। ਇਹ ਪ੍ਰਦਰਸ਼ਨੀ 16 ਨਵੰਬਰ ਤੱਕ ਜਾਰੀ ਰਹੇਗੀ ਤੇ ਸੰਗਤਾਂ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਇਥੇ ਚਿੱਤਰਾਂ ਦੇ ਦਰਸ਼ਨ ਕਰ ਸਕਣਗੀਆਂ ਤੇ ਸਾਹਿਤ ਖਰੀਦ ਸਕਣਗੀਆਂ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਹਰ ਸਾਲ ਗੁਰਪੁਰਬ ਦੇ ਮੌਕੇ ਸਿੱਖ ਸਾਹਿਤ ਤੇ ਚਿੱਤਰ ਪ੍ਰਦਰਸ਼ਨੀ ਲਗਾਈ ਜਾਂਦੀ ਹੈ। ਇਸ ਵਿਚ ਗੁਰੂ ਨਾਨਕ ਦੇਵ ਜੀ ਦੇ ਸਮੁੱਚੇ ਜੀਵਨ ਕਾਲ ਨਾਲ ਸਬੰਧਤ ਚਿੱਤਰ ਪ੍ਰਦਰਸ਼ਤ ਕੀਤੇ ਗਏ ਹਨ, ਜਿਨ੍ਹਾਂ ਵਿਚ ਉਨ੍ਹਾਂ ਦੀਆਂ ਚਾਰ ਉਦਾਸੀਆਂ, ਸਾਖੀਆਂ ਤੇ ਕਰਤਾਰਪੁਰ ਸਾਹਿਬ ਵਿਚ ਉਨ੍ਹਾਂ ਵੱਲੋਂ ਖੇਤੀ ਕਰਨ ਸਮੇਤ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਚਿੱਤਰ ਪ੍ਰਦਰਸ਼ਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਵੱਲੋਂ ਪ੍ਰਕਾਸ਼ਿਤ ਸਾਹਿਤ ਇਸ ਪ੍ਰਦਰਸ਼ਨੀ ਵਿਚ ਲਗਾਏ ਗਏ ਹਨ, ਜਿਨ੍ਹਾਂ ਨੂੰ ਖਰੀਦ ਕੇ ਸੰਗਤਾਂ ਆਪਣੇ ਸਿੱਖ ਇਤਿਹਾਸ, ਗੁਰੂਆਂ ਪੀਰਾਂ, ਪਰੰਪਰਾਵਾਂ ਤੇ ਸਮੁੱਚੇ ਪਿਛੋਕੜ ਸਬੰਧੀ ਸਾਹਿਤ ਪੜ੍ਹ ਕੇ ਹੀ ਜਾਣਕਾਰੀ ਲੈ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਥੇ ਆ ਕੇ ਜਿਥੇ ਸੰਗਤ ਬਾਲਾ ਪ੍ਰੀਤਮ ਜੀ ਦਾ ਆਸ਼ੀਰਵਾਦ ਲੈਣਗੀਆਂ, ਉਥੇ ਹੀ ਸਾਹਿਤ ਲੈ ਕੇ ਗਿਆਨ ਪ੍ਰਾਪਤ ਕਰ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ 5 ਨਵੰਬਰ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਜੋੜਾ ਘਰ ਤੇ ਕੜਾਹ ਪ੍ਰਸਾਦਿ ਲਈ ਬਣਾਈ ਗਈ ਨਵੀਂ ਇਮਾਰਤ ਬਾਬਾ ਬੱਚਨ ਸਿੰਘ ਵੱਲੋਂ ਅਰਦਾਸ ਕਰ ਕੇ ਸੰਗਤਾਂ ਨੂੰ ਸਮਰਪਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ 7 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸ਼ੁਰੂ ਹੋਵੇਗਾ, ਜੋ ਸ਼ਾਮ ਨੂੰ ਗੁਰਦੁਆਰਾ ਨਾਨਕ ਪਿਆਊ ਵਿਖੇ ਸਮਾਪਤ ਹੋਵੇਗਾ।