ਨਵੀਂ ਦਿੱਲੀ (ਪੱਤਰ ਪ੍ਰੇਰਕ): ਆਲ ਇੰਡੀਆ ਰੇਲਵੇਮੈਨਜ਼ ਫੈਡਰੇਸ਼ਨ ਵੱਲੋਂ ਆਪਣੀ ਸਥਾਪਨਾ ਦੀ ਸ਼ਤਾਬਦੀ ਲਈ 23 ਅਪਰੈਲ ਤੋਂ ਸਮਾਗਮ ਸ਼ੁਰੂ ਕੀਤੇ ਜਾ ਰਹੇ ਹਨ, ਜੋ ਕਿ 25 ਅਪਰੈਲ ਤੱਕ ਜਾਰੀ ਰਹਿਣਗੇ। ਸ਼ਤਾਬਦੀ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਜਨਰਲ ਸਕੱਤਰ ਸ਼ਿਵਾ ਗੋਪਾਲ ਮਿਸ਼ਰਾ ਨੇ ਕਿਹਾ ਕਿ ਅਪਰੈਲ 1924 ਨੂੰ ਇਸ ਦਾ ਗਠਨ ਕੀਤਾ ਗਿਆ ਸੀ ਤੇ ਉਦੋਂ ਭਾਰਤ, ਪਾਕਿਸਤਾਨ, ਬੰਗਲਾ ਦੇਸ਼ ਤੇ ਨੇਪਾਲ ਇੱਕ ਸਨ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਨੇ ਆਪਣਾ ਸਰੂਪ ਆਜ਼ਾਦਨਾ ਰੱਖਿਆ, ਜਿਸ ਕਰ ਕੇ ਉਹ 1960, 1968 ਤੇ 1974 ਦੀਆਂ ਹੜਤਾਲਾਂ ਦੀ ਸਫਲ ਅਗਵਾਈ ਕਰ ਸਕਿਆ ਤੇ ਇਨ੍ਹਾਂ ਹੜਤਾਲਾਂ ਦੇ ਨਾਇਕਾਂ ਨੂੰ ਸ਼ਤਾਬਦੀ ਸਮਾਗਮਾਂ ਦੌਰਾਨ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਾਰਜ ਫਰਨਡੇਜ਼ ਵਰਗੇ ਜੁਝਾਰੂ ਆਗੂਆਂ ਨੇ ਇਸ ਫੈਡਰੇਸ਼ਨ ਦੀ ਅਗਵਾਈ ਕੀਤੀ ਸੀ ਤੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਰਹੀ। ਉਨ੍ਹਾਂ ਕਿਹਾ ਕਿ ਨਿੱਜੀਕਰਨ, ਤਾਨਾਸ਼ਾਹੀ ਖ਼ਿਲਾਫ਼ ਲੋਕ ਵੋਟਾਂ ਪਾਉਣ ਕਿਉਂਕਿ ਪੱਕੇ ਤੇ ਠੇਕਾ ਮੁਲਾਜ਼ਮਾਂ ਦੇ ਹਾਲਤ ਵੀ ਉਹੋ ਜਿਹੇ ਹਨ ਜੋ 60ਵਿਆਂ ਦੌਰਾਨ ਵੀ ਸੀ।