ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਦਸੰਬਰ
‘ਗਰੀਨ ਫਾਰ ਫਾਰਮਰਜ਼’ ਨਾਂ ਦੀ ਅਮਰੀਕੀ ਸੰਸਥਾ ਨੇ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਧਰਨੇ ਦੇ 17ਵੇਂ ਦਿਨ ਕਿਸਾਨਾਂ ਲਈ ਪੱਗਾਂ ਲੈ ਕੇ ਸ਼ਿਰਕਤ ਕੀਤੀ ਤੇ ਇਸ ਸੰਸਥਾ ਨਾਲ ਜੁੜੇ ਨੌਜਵਾਨਾਂ ਨੇ ਹਰੇ ਰੰਗ ਦੀਆਂ ਪੱਗਾਂ ਧਰਨੇ ਵਿੱਚ ਸ਼ਾਮਲ ਕਿਸਾਨਾਂ ਨੂੰ ਦਿੱਤੀਆਂ। ਧਰਨੇ ’ਚ ਸ਼ਾਮਲ ਕਿਸਾਨਾਂ ਨੂੰ ਉਹ ਹਰੇ ਪਰਨੇ ਵੀ ਵੰਡ ਰਹੇ ਹਨ। ਨੌਜਵਾਨਾਂ ਨੇ ਕਿਹਾ ਕਿ ਕਿਸਾਨਾਂ ’ਚ ਏਕਾ ਨਜ਼ਰ ਆਵੇ ਇਸ ਲਈ ਉਹ ਹਰੇ ਰੰਗ ਦੀਆਂ ਪੱਗਾਂ ਤੇ ਪਰਨੇ ਲੈ ਕੇ ਆਏ ਹਨ। ਇਸੇ ਦੌਰਾਨ ਖ਼ਾਲਸਾ ਏਡ ਦੇ ਸਟਾਲ ਤੋਂ ਕਿਸਾਨਾਂ ਲਈ ਜ਼ੁਰਾਬਾਂ, ਨਿੱਕਰਾਂ, ਬੁਨੈਣਾਂ ਤੇ ਹੋਰ ਸਾਮਾਨ ਵੰਡਿਆ ਗਿਆ। ਹੋਰ ਸੰਸਥਾਵਾਂ ਜਾਂ ਨਿੱਜੀ ਪੱਧਰ ਉੱਪਰ ਲੋਕ ਠੰਢ ਤੋਂ ਬਚਾਉਣ ਲਈ ਕੱਪੜੇ ਦੇ ਜਾਂਦੇ ਹਨ। ਬੀਤੇ ਦਿਨੀਂ ਇਕ ਕਿਸਾਨ ਆਗੂ ਨੇ ਜੈਕਟਾਂ ਦਾ ਭਰਿਆ ਟਰੱਕ ਇੱਥੇ ਲਿਆ ਕੇ ਵੰਡਿਆ ਸੀ।