ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ 17 ਸਾਲ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਅਵਤਾਰ ਸਿੰਘ ਹਿੱਤ, ਪਰਮਜੀਤ ਸਿੰਘ ਸਰਨਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਭਾਨੂੰ ਮੂਰਤੀ ਵੱਲੋਂ ਗੁਰਬਾਣੀ ਦਾ ਗਲਤ ਪ੍ਰਕਾਸ਼ਨ ਕਰਨ ’ਤੇ ਤਨਖਾਹੀਆ ਕਰਾਰ ਦਿੱਤਾ ਗਿਆ ਸੀ। ਇਨ੍ਹਾਂ ਆਗੂਆਂ ਨੇ ਅੱਜ ਤੱਕ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ।
ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਨੇ ਭਾਨੂੰ ਮੂਰਤੀ ਵੱਲੋਂ ਗੁਰਬਾਣੀ ਦੀ ਗਲਤ ਪ੍ਰਕਾਸ਼ਨਾਂ ਕਰਨ ਦਾ ਮਾਮਲਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ‘ਚ ਲਿਆਂਦਾ ਸੀ ਤੇ ਕਾਰਵਾਈ ਦੀ ਮੰਗ ਕੀਤੀ ਸੀ। ਪੱਤਰ ਦੇ ਜਵਾਬ ‘ਚ ਹੁਣ ਅਕਾਲ ਤਖਤ ਸਾਹਿਬ ਤੋਂ ਜਵਾਬ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਕੀਤੇ ਹੁਕਮਾਂ ਦੀ ਕਾਪੀ ਵੀ ਨਾਲ ਭੇਜੀ ਗਈ ਹੈ।
ਉਨ੍ਹਾਂ ਦੱਸਿਆ ਕਿ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਗੁਰਬਾਣੀ ਲਿਪੀਅੰਤਣ ਨਾਲ ਗੁਰਬਾਣੀ ਦੀ ਹੋਈ ਬੇਅਦਬੀ ਦੇ ਮਾਮਲੇ ‘ਚ ਅਵਤਾਰ ਸਿੰਘ ਹਿੱਤ (ਸਾਬਕਾ ਪ੍ਰਧਾਨ), ਪ੍ਰਹਿਲਾਦ ਸਿੰਘ ਚੰਢੋਕ (ਸਾਬਕਾ ਪ੍ਰਧਾਨ), ਪਰਮਜੀਤ ਸਿੰਘ ਸਰਨਾ (ਤਤਕਾਲੀ ਪ੍ਰਧਾਨ) ਤੇ ਉਨ੍ਹਾਂ ਦੇ ਹੋਰ ਸਾਥੀਆਂ ਨੁੰ ਤਨਖਾਹੀਆ ਕਰਾਰ ਦਿੱਤਾ ਸੀ। ਹੁਕਮ ਸੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਣ ਤੇ ਭੁੱਲਾਂ ਬਖਸ਼ਾਉਣ, ਪਰ ਉਨ੍ਹਾਂ ਨੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਇਸ ਦੌਰਾਨ ਉਨ੍ਹਾਂ ਤਨਖਾਹੀਆ ਕਰਾਰ ਦਿੱਤੇ ਆਗੂਆਂ ਨੂੰ ਪੰਥਕ ਕਮੇਟੀ ‘ਚੋਂ ਤੁਰੰਤ ਬਾਹਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਫਾਈਲਾਂ ‘ਚ ਦਬਾ ਲਿਆ ਗਿਆ ਕਿਉਂਕਿ ਬਾਦਲ ਪਰਿਵਾਰ ਅਵਤਾਰ ਸਿੰਘ ਹਿੱਤ ਦੀ ਰਾਖੀ ਕਰਨ ‘ਚ ਲੱਗਾ ਸੀ। ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਜਦੋਂ ਤੋਂ ਤਨਖਾਹ ਕਮਿਸ਼ਨ ਦਾ ਮਾਮਲਾ ਸ਼ੁਰੂ ਹੋਇਆ ਤੇ ਸਕੂਲਾਂ ਦੇ ਉਲਝੇ ਪ੍ਰਬੰਧਾਂ ਸਣੇ ਹੋਰਨਾਂ ਮਾਮਲਿਆਂ ਦੀ ਜਾਂਚ ਦਿੱਲੀ ਦੇ ਸਿਆਣੇ ਸਿੱਖਾਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ।