ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਗਸਤ
ਆਲ ਇੰਡੀਆ ਪੰਥਕ ਫੋਰਮ ਦੇ ਮੁਖੀਆਂ ਡਾ. ਹਰਮੀਤ ਸਿੰਘ, ਪ੍ਰਿਤਪਾਲ ਸਿੰਘ ਕਪੂਰ, ਬਲਦੇਵ ਸਿੰਘ ਗੁਜਰਾਲ, ਕੁਲਬੀਰ ਸਿੰਘ ਦਿਲੀ, ਜਤਿੰਦਰ ਸਿੰਘ ਸਾਹਨੀ ਤੇ ਏਐਸ ਤੇਜੀ ਨੇ ਦਿੱਲੀ ਦੇ ਸਿੱਖ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਉਮੀਦਵਾਰਾਂ ਨੂੰ ਵੋਟ ਪਾਉਣ ਜੋ ਅੰਮ੍ਰਿਤਧਾਰੀ ਹੋਣ ਅਤੇ ਨਿਤਨੇਮ ਕਰਦੇ ਹੋਣ। ਉਨ੍ਹਾਂ ਦੀ ਵਿੱਦਿਅਕ ਯੋਗਤਾ ਘੱਟੋ-ਘੱਟ ਸੀਨੀਅਰ ਸੈਕੰਡਰੀ ਹੋਵੇ ਅਤੇ ਮਾਂ-ਬੋਲੀ ਪੰਜਾਬੀ ਦਾ ਗਿਆਨ ਹੋਵੇ। ਇਸ ਦੇ ਨਾਲ ਹੀ ਉਮੀਦਵਾਰਾਂ ਨੇ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਅਤੇ ਪਸਾਰ ਵਿੱਚ ਭਰਪੂਰ ਯੋਗਦਾਨ ਪਾਇਆ ਹੋਵੇ, ਉਨ੍ਹਾਂ ਨੂੰ ਹੀ ਤਰਜੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਿੱਤਣ ਵਾਲਾ ਉਮੀਦਵਾਰ ਸਿੱਖ ਧਰਮ ਬਾਰੇ ਮੁੱਢਲੀ ਜਾਣਕਾਰੀ ਰੱਖਦਾ ਹੋਵੇ ਅਤੇ ਪੰਥਕ ਕਾਰਜਾਂ ਨੂੰ ਸਮਰਪਿਤ ਹੋਵੇ। ਪੁਰਾਣੇ ਮੈਂਬਰਾਂ ਦਾ ਕਿਰਦਾਰ ਤੇ ਮੈਂਬਰੀ ਦੌਰਾਨ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਧਿਆਨ ਵਿੱਚ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਵੀ ਦੇਖਿਆ ਜਾਵੇ ਕਿ ਮੈਂਬਰਾਂ ਨੇ ਸਿਆਸੀ ਲਾਹਾ ਹਾਸਲ ਕਰਨ ਵਾਸਤੇ ਮੈਂਬਰੀ ਨੂੰ ਪੌੜੀ ਤਾਂ ਨਹੀਂ ਬਣਾਇਆ। ਇਹ ਵੀ ਦੇਖਿਆ ਜਾਵੇ ਕਿ ਮੈਂਬਰਾਂ ਨੇ ਆਪਣੀ ਮੈਂਬਰੀ ਦਾ ਫ਼ਾਇਦਾ ਉਠਾਉਂਦਿਆਂ ਕਿੰਨੇ ਰਿਸ਼ਤੇਦਾਰਾਂ ਨੂੰ ਕਮੇਟੀ ਦੇ ਅਦਾਰਿਆਂ ਵਿੱਚ ਨੌਕਰੀ ’ਤੇ ਰਖਵਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਉਮੀਦਵਾਰ ਸੰਗਤ ਕੋਲ ਵੋਟ ਮੰਗਣ ਆਉਣ ਤਾਂ ਘੱਟੋ-ਘੱਟ ਨਿਤਨੇਮ ਦੀ ਬਾਣੀਆਂ ਦੇ ਨਾਂ ਪੁੱਛੇ ਜਾਣ।
ਫੋਰਮ ਦੇ ਆਗੂਆਂ ਨੇ ਕਿਹਾ ਕਿ ਜੇ ਕੱਲ੍ਹ ਨੂੰ ਚੰਗੇ ਗੁਰਮਤਿ ਦੇ ਧਾਰਨੀ ਮੈਂਬਰ ਨਾ ਚੁਣ ਕੇ ਆਉਣ ਤਾਂ ਇਸ ਦੀ ਜਵਾਬਦੇਹੀ ਸੰਗਤ ਦੀ ਹੋਵੇਗੀ। ਇਸੇ ਲਈ ਫੋਰਮ ਵੱਲੋਂ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੋਟ ਪਾਉਣ ਲੱਗਿਆਂ ਉਪਰੋਕਤ ਨੁਕਤਿਆਂ ਦਾ ਧਿਆਨ ਰੱਖਿਆ ਜਾਵੇ।