ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਜੁਲਾਈ
ਦਿੱਲੀ ਨਗਰ ਨਿਗਮ (ਐੱਮਸੀਡੀ) ਨੇ ਬੀਤੇ ਦਿਨ ਦਿੱਲੀ ਦੇ ਅਲੀਪੁਰ ਵਿੱਚ ਕੰਧ ਢਹਿਣ ਦੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਘਟਨਾ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਨੌਂ ਜ਼ਖ਼ਮੀ ਹੋ ਗਏ ਸਨ। ਇੱਕ ਉਸਾਰੀ ਅਧੀਨ ਗੁਦਾਮ ਦੀ ਇੱਕ ਕੰਧ ਜੋ ਲਗਭਗ 100 ਫੁੱਟ ਲੰਬੀ ਅਤੇ 15 ਫੁੱਟ ਉੱਚੀ ਸੀ ਢਹਿ ਗਈ। ਐੱਮਸੀਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ’ਚ ਇੱਕ ਜੂਨੀਅਰ ਇੰਜਨੀਅਰ ਅਤੇ ਸਹਾਇਕ ਇੰਜਨੀਅਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਸ਼ੁੱਕਰਵਾਰ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਸਨ। ਮ੍ਰਿਤਕਾਂ ਦੀ ਪਛਾਣ ਪ੍ਰਮੋਦ (45), ਬਬਲੂ (35), ਰਿਸ਼ੀਪਾਲ, ਪ੍ਰਮੋਦ (35) ਅਤੇ ਪ੍ਰਮੋਦ ਕੁਮਾਰ (29) ਵਜੋਂ ਹੋਈ ਹੈ।
ਕੰਧ ਦੇ ਠੇਕੇਦਾਰ ਤੇ ਸੁਪਰਵਾਈਜ਼ਰ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਗੁਦਾਮ ਮਾਲਕ ਫਰਾਰ ਹੈ। ਏਡੀਸੀਪੀ (ਆਊਟਰ ਨਾਰਥ) ਰਾਜਾ ਬੰਠੀਆ ਦੇ ਅਨੁਸਾਰ ਸ਼ੁੱਕਰਵਾਰ ਨੂੰ ਕੰਧ ਡਿੱਗਣ ਦੀ ਘਟਨਾ ਵਿੱਚ ਪੰਜ ਮੌਤਾਂ ਹੋਈਆਂ ਸਨ। ਠੇਕੇਦਾਰ ਸਿਕੰਦਰ ਦਾਸ (42) ਅਤੇ ਸਾਈਟ ਸੁਪਰਵਾਈਜ਼ਰ ਸਤੀਸ਼ ਕੁਮਾਰ (44) ਨੂੰ ਗ੍ਰਿਫਤਾਰ ਕੀਤਾ ਗਿਆ, ਦੋਵੇਂ ਅਲੀਪੁਰ ਦੇ ਵਸਨੀਕ ਹਨ। ਮਾਲਕ ਸ਼ਕਤੀ ਸਿੰਘ ਚੌਹਾਨ ਫਰਾਰ ਹੈ। ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 288 , 304 , 337 ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਹੈ। ਦਿੱਲੀ ਪੁਲੀਸ ਅਤੇ ਐੱਮਸੀਡੀ ਨੇ ਕਿਹਾ ਕਿ ਉਸਾਰੀ ਗੈਰਕਾਨੂੰਨੀ ਸੀ ਅਤੇ ਉਨ੍ਹਾਂ ਨੇ ਅਪਰੈਲ-ਮਈ ਵਿੱਚ ਇਸ ਦੇ ਖਿਲਾਫ ਆਦੇਸ਼ ਜਾਰੀ ਕੀਤੇ ਸਨ। ਹਾਲਾਂਕਿ ਬਿਲਡਰ ਨੇ ਇਸ ਮਹੀਨੇ ਦੁਬਾਰਾ ਕੰਮ ਸ਼ੁਰੂ ਕਰ ਦਿੱਤਾ ਸੀ।