ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ 6 ਮਹੀਨੇ ਦਾ ਸਮਾਂ ਬਚਿਆ ਹੈ ਤੇ ਸੱਤਾਧਾਰੀ ਧਿਰ ਸਮੇਤ ਵਿਰੋਧੀ ਧਿਰਾਂ ਨੇ ਕਮਰ ਕੱਸ ਲਈ ਹੈ। ਸੱਤਾਧਾਰੀ ਧਿਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਨਵੇਂ ਚਿਹਰੇ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਲਈ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਬਾਦਲ ਧੜੇ ਦੇ ਦਿੱਲੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਨੌਜਵਾਨ ਚਿਹਰੇ ਸ਼ਾਮਲ ਕਰ ਕੇ ਉਨ੍ਹਾਂ ਨੂੰ ਅਹੁਦੇ ਦਿੱਤੇ ਜਾ ਰਹੇ ਹਨ। ਵੱਖ-ਵੱਖ ਵਾਰਡਾਂ ਵਿੱਚ ਅਹੁਦੇਦਾਰੀਆਂ ਦੇਣ ਦੇ ਸਿਲਸਿਲੇ ਤਹਿਤ ਵਾਰਡ 15 ਵਿੱਚ ਹਰਪ੍ਰੀਤ ਸਿੰਘ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਹਰਪ੍ਰੀਤ ਸਿੰਘ ਇਲਾਕੇ ਵਿੱਚ ਬਾਦਲ ਧੜੇ ਨਾਲ ਬੀਤੇ ਸਮੇਂ ਤੋਂ ਜੁੜੇ ਹੋਏ ਹਨ ਤੇ ਇਲਾਕੇ ਵਿੱਚ ਉਨ੍ਹਾਂ ਦੀ ਪਕੜ ਮਜ਼ਬੂਤ ਵੀ ਹੈ। ਹੋਰ ਨੌਜਵਾਨਾਂ ਨੂੰ ਵੀ ਪੱਛਮੀ ਦਿੱਲੀ ਤੇ ਦੱਖਣੀ-ਪੱਛਮੀ ਦਿੱਲੀ ਵਿੱਚ ਥਾਂ ਦਿੱਤੀ ਜਾ ਰਹੀ ਹੈ। ਕਈ ਸਨਅਤਕਾਰਾਂ ਵੱਲੋਂ ਵੀ ਬਾਦਲ ਧੜੇ ਦਾ ਪੱਲਾ ਫੜਿਆ ਗਿਆ ਹੈ ਕਿਉਂਕਿ ਦਿੱਲੀ ਦੀ ਸਿੱਖ ਰਾਜਨੀਤੀ ਉਪਰ ਪੰਜਾਬ ਦੀਆਂ ਘਟਨਾਵਾਂ ਦਾ ਅਸਰ ਵੱਖਰੇ ਪ੍ਰਸੰਗ ਵਿੱਚ ਪੈਂਦਾ ਹੈ।