ਨਵੀਂ ਦਿੱਲੀ, 23 ਅਕਤੂਬਰ
ਕੌਮੀ ਰਾਜਧਾਨੀ ਦਿੱਲੀ ਵਿੱਚ ਹਵਾ ਗੁਣਵੱਤਾ ਅੱਜ ਅੱਠਵੇਂ ਦਿਨ ਲਗਾਤਾਰ ‘ਖਰਾਬ ਸ਼੍ਰੇਣੀ’ ਵਿੱਚ ਦਰਜ ਕੀਤੀ ਗਈ ਹੈ। ਭਲਕੇ ਦੀਵਾਲੀ ਮੌਕੇ ਪਟਾਕੇ ਚਲਾਉਣ ਤੇ ਪਰਾਲੀ ਸਾੜਨ ਕਾਰਨ ਹੋਣ ਵਾਲੇ ਧੂੰਏਂ ਕਰ ਕੇ ਇਹ ‘ਗੰਭੀਰ ਸ਼੍ਰੇਣੀ’ ਵਿੱਚ ਪਹੁੰਚ ਸਕਦੀ ਹੈ। ਜਾਣਕਾਰੀ ਮੁਤਾਬਿਕ ਰਾਜਧਾਨੀ ਵਿੱਚ ਅੱਜ ਸਵੇਰੇ 10 ਵਜੇ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 243 ਰਿਹਾ, ਜੋ ਕਿ ਸ਼ਨਿਚਰਵਾਰ ਨੂੰ 265 ਸੀ। ਸ਼ਹਿਰ ਦੇ 35 ਨਿਗਰਾਨੀ ਕੇਂਦਰਾਂ ਵਿੱਚੋਂ ਸਿਰਫ਼ ਇਕ (ਆਨੰ ਵਿਹਾਰ) ਵਿਚ ਹਵਾ ਗੁਣਵੱਤਾ ‘ਖਰਾਬ ਸ਼੍ਰੇਣੀ’ ਵਿੱਚ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਏਕਿਊਆਈ ਨੂੰ ਸਿਫ਼ਰ ਦੇ ਵਿਚਕਾਰ ‘ਬਿਹਤਰ’, 51 ਤੋਂ 100 ਤੱਕ ‘ਤਸੱਲੀਬਖ਼ਸ਼’ 101 ਤੋਂ 200 ਤੱਕ ‘ਮੱਧਮ’, 201 ਤੋਂ 300 ਵਿਚਕਾਰ ‘ਖਰਾਬ’, 301 ਤੋਂ 400 ਤੱਕ ‘ਬਹੁਤ ਖਰਾਬ’ ਅਤੇ 401 ਤੋਂ 500 ਤੱਕ ਏਕਿਊਆਈ ‘ਗੰਭੀਰ’ ਮੰਨਿਆ ਜਾਂਦਾ ਹੈ। ਮੌਸਮ ਬਾਰੇ ਭਵਿੱਖਬਾਣੀ ਕਰਨ ਵਾਲੀ ਏਜੰਸੀ ‘ਸਫ਼ਰ’ ਨੇ ਕਿਹਾ ਕਿ ਪਟਾਕੇ ਚਲਾਉਣ ’ਤੇ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਪੁੱਜ ਸਕਦੀ ਹੈ। ਏਜੰਸੀ ਨੇ ਕਿਹਾ ਕਿ ਜੇਕਰ ਪਿਛਲੇ ਸਾਲ ਦੀ ਤਰ੍ਹਾਂ ਪਟਾਕੇ ਚਲਾਏ ਗਏ ਤਾਂ ਦੀਵਾਲੀ ਦੀ ਰਾਤ ਨੂੰ ਹੀ ਹਵਾ ਦੀ ਗੁਣਵੱਤਾ ‘ਗੰਭੀਰ’ ਪੱਧਰ ’ਤੇ ਪਹੁੰਚ ਸਕਦੀ ਹੈ। ਇਸ ਤੋਂ ਇਲਾਵਾ ਇਕ ਦਿਨ ਲਈ ਸਥਿਤੀ ‘ਰੈੱਡ’ ਜ਼ੋਨ ਵਿੱਚ ਬਣੀ ਰਹਿ ਸਕਦੀ ਹੈ। ਕਾਬਿਲੇਗੌਰ ਹੈ ਕਿ ਖਦੇਸ਼ ਪ੍ਰਗਟ ਕੀਤੇ ਜਾ ਰਹੇ ਹਨ ਕਿ ਬੀਤੇ ਸਾਲਾਂ ਦੇ ਮੁਕਾਬਲੇ 37 ਫ਼ੀਸਦੀ ਲੋਕ ਪਟਾਕੇ ਚਲਾਉਣਗੇ ਜਿਸ ਕਾਰਨ ਦੀਵਾਲੀ ਦੀ ਰਾਤ ਦਿੱਲੀ ਦੀ ਹਵਾ ਖ਼ਤਰਨਾਕ ਪੱਧਰ ਤੱਕ ਪ੍ਰਦੂਸ਼ਿਤ ਹੋ ਸਕਦੀ ਹੈ। 2018 ਵਿੱਚ 32 ਫ਼ੀਸਦੀ ਲੋਕਾਂ ਨੇ ਪਟਾਕੇ ਚਲਾਏ ਸਨ। 2019 ਵਿੱਚ 35 ਫ਼ੀਸਦੀ, 2020 ਵਿੱਚ ਕਰੋਨਾ ਕਾਲ ਦੌਰਾਨ ਕਮੀ ਆਈ ਸੀ ਤੇ 2021 ਵਿੱਚ 32 ਫ਼ੀਸਦੀ ਲੋਕਾਂ ਨੇ ਪਟਾਕੇ ਚਲਾ ਕੇ ਪ੍ਰਸ਼ਾਸਨ ਤੇ ਦਿੱਲੀ ਸਰਕਾਰ ਨੂੰ ਚੁਣੌਤੀ ਦਿੱਤੀ ਸੀ। -ਪੀਟੀਆਈ