ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਨਵੰਬਰ
ਦੇਸ਼ ਦੀ ਕੌਮੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਦਾ ਕਹਿਰ ਜਾਰੀ ਹੈ। ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿੱਚ ਫੈਲੇ ਹਵਾ ਪ੍ਰਦੂਸ਼ਣ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋਇਆ ਪਿਆ ਹੈ। ਅੱਜ ਵੀ ਮੰਗਲਵਾਰ ਸਵੇਰੇ ਦਿੱਲੀ-ਐੱਨਸੀਆਰ ਵਿੱਚ ਹਵਾ ਦੀ ਗੁਣਵੱਤਾ ਵਿੱਚ ਗਿਰਾਵਟ ਜਾਰੀ ਰਹੀ। ਧੀਰਪੁਰ, ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਨੂੰ 594 ਤੱਕ ਰਿਕਾਰਡ ਕੀਤਾ ਗਿਆ, ਜੋ ਕਿ ‘ਗੰਭੀਰ’ ਸ਼੍ਰੇਣੀ ਵਿੱਚ ਹੈ। ਨੋਇਡਾ, ਯੂਪੀ ਵਿੱਚ ਵੀ ਏਕਿਊਆਈ ‘ਗੰਭੀਰ’ ਸ਼੍ਰੇਣੀ ਵਿੱਚ (444) ਦਰਜ ਕੀਤਾ ਗਿਆ ਤੇ ਗੁਰੂਗ੍ਰਾਮ, ਹਰਿਆਣਾ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਆਈ। ਦਿੱਲੀ ਦਾ ਸਮੁੱਚਾ ਏਅਰ ਕੁਆਲਿਟੀ ਇੰਡੈਕਸ ਅੱਜ ਸਵੇਰੇ ਬਹੁਤ ਹੀ ਗੰਭੀਰ ਸ਼੍ਰੇਣੀ ਵਿੱਚ 385 ’ਤੇ ਸੀ, ਜਿਸ ਕਾਰਨ ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ਵਿੱਚ ਹੋਣ ਵਾਲੀਆਂ ਸਾਰੀਆਂ ਉਸਾਰੀਆਂ ਤੇ ਢਾਹੁਣ ਦੀਆਂ ਗਤੀਵਿਧੀਆਂ ’ਤੇ ਪਾਬੰਦੀ ਲਗਾ ਦਿੱਤੀ ਹੈ। ਏਅਰ ਕੁਆਲਿਟੀ ਇੰਡੈਕਸ ਨੋਇਡਾ (ਯੂਪੀ) ਵਿੱਚ 444, ‘ਗੰਭੀਰ’ ਸ਼੍ਰੇਣੀ, ਧੀਰਪੁਰ (ਦਿੱਲੀ) ਵਿੱਚ 594 ’ਤੇ ‘ਬਹੁਤ ਮਾੜੀ’ ਸ਼੍ਰੇਣੀ, ਗੁਰੂਗ੍ਰਾਮ (ਹਰਿਆਣਾ) ਵਿੱਚ 391 ਸੀ। ਇਹ ਪਹਿਲਾਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਾਂਤ ਹਵਾਵਾਂ ਅਤੇ ਹੋਰ ਵੱਖ-ਵੱਖ ਮੌਸਮੀ ਸਥਿਤੀਆਂ ਕਾਰਨ ਕੌਮੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਵਿਗੜ ਜਾਵੇਗੀ। ਐਤਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਸੀ ਕਿ ਮਾਹਿਰ ਅੰਦਾਜ਼ਾ ਲਗਾ ਰਹੇ ਹਨ ਕਿ 1 ਨਵੰਬਰ ਤੋਂ ਹਵਾ ਦੀ ਗਤੀ ਘਟੇਗੀ ਤੇ ਇਸ ਦੀ ਦਿਸ਼ਾ ਬਦਲ ਜਾਵੇਗੀ। ਉਸ ਦੇ ਆਧਾਰ ’ਤੇ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਏਕਿਊਆਈ 400 ਤੋਂ ਪਾਰ ਗੰਭੀਰ ਸ਼੍ਰੇਣੀ ਵਿੱਚ ਚਲਾ ਜਾਵੇਗਾ। ਆਮ ਤੌਰ ’ਤੇ ਦਿੱਲੀ-ਐੱਨਸੀਆਰ ਖੇਤਰ ਵਿੱਚ ਇਸ ਸਮੇਂ ਦੇ ਆਲੇ-ਦੁਆਲੇ ਪ੍ਰਦੂਸ਼ਣ ਦਾ ਪੱਧਰ ਮੁੱਖ ਤੌਰ ’ਤੇ ਧੂੜ, ਬਾਇਓ-ਮਾਸ ਬਰਨਿੰਗ ਅਤੇ ਮੌਸਮ ਦੀ ਸਥਿਤੀ ਵਿੱਚ ਬਦਲਾਅ ਅਤੇ ਹਵਾ ਦੀ ਗਤੀ ਦੇ ਕਾਰਨ ਵਧਦਾ ਹੈ।
ਭਾਜਪਾ ਨੇ ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀਆਂ ਦਾ ਅਸਤੀਫ਼ਾ ਮੰਗਿਆ
ਭਾਜਪਾ ਨੇ ਮੰਗਲਵਾਰ ਨੂੰ ਕੌਮੀ ਰਾਜਧਾਨੀ ਵਿੱਚ ਫੈਲੇ ਹਵਾ ਪ੍ਰਦੂਸ਼ਣ ਲਈ ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਆਲੋਚਨਾ ਕੀਤੀ ਹੈ ਅਤੇ ਉਨ੍ਹਾਂ ਦੇ ਅਸਤੀਫ਼ਿਆਂ ਦੀ ਮੰਗ ਕਰਦੇ ਹੋਏ ਦੋਸ਼ ਲਾਇਆ ਕਿ ਇਹ ਅਪਰਾਧਿਕ ਲਾਪ੍ਰਵਾਹੀ ਤੋਂ ਘੱਟ ਨਹੀਂ ਹੈ, ਜਿਸ ਨਾਲ ਹਵਾ ਦੀ ਗੁਣਵੱਤਾ ਵਿਗੜ ਗਈ ਹੈ। ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਦਿੱਲੀ ਦੇ ਨਾਲ-ਨਾਲ ਪੰਜਾਬ ਦੇ ਲੋਕ ਹਵਾ ਵਿੱਚ ਜ਼ਹਿਰ ਲਈ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਭਾਟੀਆ ਨੇ ਦੋਸ਼ ਲਾਇਆ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਨੇ ਪਰਾਲੀ ਸਾੜਨ ’ਤੇ ਰੋਕ ਲਗਾਉਣ ਲਈ ਕੇਂਦਰ ਵੱਲੋਂ ਫਰਵਰੀ ਮਹੀਨੇ ਪੰਜਾਬ ਨੂੰ ਦਿੱਤੇ ਗਏ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਹੈ।
ਉਲੰਘਣਾ ਕਰਨ ਵਾਲੀ ਕੰਪਨੀ ਨੂੰ ਪੰਜ ਲੱਖ ਦਾ ਜੁਰਮਾਨਾ
ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਦਿੱਲੀ ਵਿੱਚ ਨਿਰਮਾਣ ਪਾਬੰਦੀ ਦੇ ਬਾਵਜੂਦ ਉਲੰਘਣਾ ਕਰਨ ਲਈ ਐੱਲ ਐਂਡ ਟੀ ਕੰਪਨੀ ਨੂੰ 5 ਲੱਖ ਰੁਪਏ ਦੇ ਜੁਰਮਾਨੇ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਰਾਊਸ ਐਵੇਨਿਊ ਦੇ ਨੇੜੇ ਇੱਕ ਉਸਾਰੀ ਵਾਲੀ ਥਾਂ ਦਾ ਮੁਆਇਨਾ ਕਰਨ ਤੋਂ ਬਾਅਦ ਮੰਤਰੀ ਰਾਏ ਨੇ ਦੱਸਿਆ ਕਿ ਦੌਰੇ ਦੌਰਾਨ ਦੇਖਿਆ ਗਿਆ ਕਿ ਨਿਰਮਾਣ ਸਮੱਗਰੀ ਬੇਪਰਦ ਪਈ ਸੀ। ਮੌਕੇ ਦਾ ਮੁਆਇਨਾ ਕਰਨ ’ਤੇ ਪਤਾ ਲੱਗਾ ਕਿ ਇੱਥੇ ਪੱਥਰ ਕੱਟਣ ਦਾ ਕੰਮ ਅਜੇ ਵੀ ਚੱਲ ਰਿਹਾ ਹੈ। ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਉਲੰਘਣਾ ਪਾਈ ਗਈ। ਐੱਲ ਐਂਡ ਟੀ ਨੂੰ ਪੰਜ ਲੱਖ ਰੁਪਏ ਦੇ ਜੁਰਮਾਨੇ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਕੰਮ ਬੰਦ ਕਰਨ ਲਈ ਕਿਹਾ ਗਿਆ ਹੈ।