ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਮਜਨੂੰ ਕਾ ਟਿਲਾ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਅਗਵਾਈ ’ਚ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਹੋਏ 122 ਪਾਵਨ ਸਰੂਪਾਂ ਨੂੰ ਮਰਿਆਦਾ ਅਨੁਸਾਰ ਅਗਨ ਭੇਟ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਅਤੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਆਈ ਸੰਗਤ ਨੇ ਪਾਵਨ ਸਰੂਪ ਸਾਹਿਬਾਨਾਂ ਨੂੰ ਹੱਥੀਂ ਸੇਵਾ ਕਰਕੇੇ ‘ਅੰਗੀਠਾ ਸਾਹਿਬ’ ’ਚ ਅਗਨ ਭੇਟ ਕੀਤਾ । ਇਸ ਦੌਰਾਨ ਕਾਲਕਾ ਅਤੇ ਕਰਮਸਰ ਨੇ ਦੱਸਿਆ ਕਿ ਅੱਜ ਜਿਨ੍ਹਾਂ 122 ਪਾਵਨ ਬਿਰਧ ਸਰੂਪਾਂ ਨੂੰ ਅਗਨ ਭੇਟ ਕੀਤੇ ਜਾਣ ਦੀ ਸੇਵਾ ਕੀਤੀ ਗਈ ਹੈ ਉਨ੍ਹਾਂ ’ਚ ਵੱਖ-ਵੱਖ ਸਿੰਘ ਸਭਾਵਾਂ ਅਤੇ ਸੰਗਤਾਂ ਵੱਲੋਂ ਲਿਆਂਦੇ ਗਏ ਪਾਵਨ ਸਰੂਪ ਵੀ ਸ਼ਾਮਲ ਸਨ। ਇਹ ਪਾਵਨ ਬਿਰਧ ਸਰੂਪ ਸਾਹਿਬਾਨ ਪ੍ਰਕਾਸ਼ ਨਹੀਂ ਕੀਤੇ ਜਾ ਸਕਦੇ ਸਨ ਇਸ ਲਈ ਅਗਨ ਭੇਟ ਕੀਤੇ ਗਏ।