ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਕਤੂਬਰ
ਦੋ ਸਿਆਸੀ ਵਿਰੋਧੀਆਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਰਲੇਵੇਂ ਮਗਰੋਂ ਹੁਣ ਬਾਦਲ ਧੜਾ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਵੱਲੋਂ ਬਾਦਲ ਧੜੇ ਤੋਂ ਸਵਾਲ ਕੀਤੇ ਜਾ ਰਹੇ ਹਨ, ਜੋ ਇਸ ਸਾਲ ਦੇ ਸ਼ੁਰੂ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਉਠਾਏ ਜਾ ਰਹੇ ਸਨ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਸਰਨਾ ਭਰਾਵਾਂ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਨਾਲ ਰਲਾ ਕੇ ਵੱਡੀ ਗ਼ਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਨਾ ਭਰਾ ਮਹੀਨਾ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਦੇ ਘਰ ਜਾਂਦੇ ਸਨ, ਹੁਣ ਨਿਖੇਧੀ ਕਰਦੇ ਨਹੀਂ ਥੱਕਦੇ। ਉਨ੍ਹਾਂ ਕਿਹਾ ਕਿ ਬਾਦਲ ਦਲ ਦੀ ਸਾਖ਼ ਨੂੰ ਇਸ ਰਲੇਵੇਂ ਨਾਲ ਖੋਰਾ ਲੱਗਿਆ ਹੈ ਕਿਉਂਕਿ ਸਰਨਾ ਧੜੇ ਨੇ 14 ਸੀਟਾਂ ਜਿੱਤੀਆਂ ਹੀ ਬਾਦਲ ਧੜੇ ਦਾ ਵਿਰੋਧ ਕਰਕੇ ਹਨ। ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਮੀਤ ਸਿੰਘ ਕਾਲਕਾ ਨੇ ਵੀ ਬਰਗਾੜੀ ਕਾਂਡ, ਸਰੂਪਾਂ ਦੇ ਗਾਇਬ ਹੋਣ, ਹਰਿਆਣਾ ਗੁਰਦੁਆਰਾ ਕਮੇਟੀ ਸਮੇਤ ਉਨ੍ਹਾਂ ਮੁੱਦਿਆਂ ਨੂੰ ਉਠਾਇਆ ਹੈ ਜਿਨ੍ਹਾਂ ਨੂੰ ਲੈ ਕੇ ਸਰਨਾ ਧੜਾ ਬਾਦਲ ਪਰਿਵਾਰ ਦੀ ਨਿੰਦਾ ਕਰਦਾ ਰਹਿੰਦਾ ਸੀ।