ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਸਤੰਬਰ
ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਆਪਣੀ ਮੀਟਿੰਗ ਵਿੱਚ ਕਿਹਾ ਕੌਮੀ ਰਾਜਧਾਨੀ ਦੇ ਸਕੂਲਾਂ ਵਿਚ ਤਿਉਹਾਰਾਂ ਦੇ ਸੀਜ਼ਨ ਤੋਂ ਬਾਅਦ ਨਰਸਰੀ ਤੋਂ ਅੱਠਵੀਂ ਜਮਾਤਾਂ ਲੱਗਣਗੀਆਂ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਰਾਜਧਾਨੀ ਵਿੱਚ ਪੜਾਅਵਾਰ ਤਰੀਕੇ ਨਾਲ ਸਕੂਲ ਮੁੜ ਖੋਲ੍ਹਣ ਦੀ ਕੋਸ਼ਿਸ਼ ਵਿੱਚ ਇਹ ਕਦਮ ਚੁੱਕਿਆ ਹੈ।
ਡੀਡੀਐਮਏ ਨੇ ਦੱਸਿਆ ਕਿ ਸਕੂਲਾਂ ਨੂੰ ਕੋਵਿਡ-19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ। ਇਸ ਦਾ ਮਤਲਬ ਇਨ੍ਹਾਂ ਵਿਦਿਆਰਥੀਆਂ ਲਈ ਕਲਾਸਾਂ ਘੱਟੋ-ਘੱਟ 4 ਨਵੰਬਰ ਤੱਕ ਆਨਲਾਈਨ ਜਾਰੀ ਰਹਿਣਗੀਆਂ ਜਦੋਂ ਦੀਵਾਲੀ ਮਨਾਈ ਜਾਵੇਗੀ।
ਉਪ-ਰਾਜਪਾਲ ਅਨਿਲ ਬੈਜਲ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਇਹ ਫ਼ੈਸਲਾ ਕੀਤਾ ਗਿਆ ਕਿ ਸ਼ਹਿਰ ਵਿੱਚ ਕੋਵਿਡ ਦੀ ਸਥਿਤੀ ‘ਚੰਗੀ’ ਹੈ ਤੇ ਇਸ ਲਈ ਸਾਵਧਾਨੀਆਂ ਦੇ ਨਾਲ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਜਾ ਸਕਦੀ ਹੈ।
ਦਿੱਲੀ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕੋਵਿਡ ਨੇਮਾਂ ਦੀ ਪਾਲਣਾ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ ਇਹ ਪੱਕਾ ਕਰਨ ਲਈ ਨਿਰਦੇਸ਼ ਦਿੱਤੇ ਗਏ ਕਿ ਤਿਉਹਾਰਾਂ ਦੇ ਮੌਸਮ ਦੌਰਾਨ ਹੋਣ ਵਾਲੇ ਇਕੱਠ ਨਿਰਧਾਰਿਤ ਐਸਓਪੀਜ਼ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਜਿਸ ਵਿੱਚ ਕੋਈ ਸਵਿੰਗ ਸ਼ਾਮਲ ਨਹੀਂ।
ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਸੀਨੀਅਰ ਕਲਾਸਾਂ ਲਈ ਸਕੂਲ ਦੁਬਾਰਾ ਖੋਲ੍ਹਦੇ ਹੋਏ, ਡੀਡੀਐਮਏ ਨੇ ਸਕੂਲਾਂ ਨੂੰ ਸਿਰਫ਼ 50 ਫ਼ੀਸਦੀ ਸਮਰੱਥਾ ਵਿੱਚ ਕੰਮ ਕਰਨ ਦੀ ਆਗਿਆ ਦਿੱਤੀ ਸੀ। ਹੋਰ ਦਿਸ਼ਾ-ਨਿਰਦੇਸ਼ਾਂ ਵਿੱਚ ਪ੍ਰਵੇਸ਼, ਸਵੱਛਤਾ, ਸਮਾਜਕ ਤੌਰ ’ਤੇ ਦੂਰੀ ’ਤੇ ਬੈਠਣ ਦੀ ਵਿਵਸਥਾ ਸ਼ਾਮਲ ਹੈ।
ਤਿਉਹਾਰਾਂ ਦੇ ਇਕੱਠ ਵਿੱਚ ਨਿਯਮਾਂ ਦੀ ਪਾਲਣਾ ਜ਼ਰੂਰੀ
ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਦੀ ਸੁਧਰੀ ਸਥਿਤੀ ਨੂੰ ਧਿਆਨ ਵਿੱਚ ਰੱਖਿਆ ਗਿਆ ਪਰ ਸਾਵਧਾਨੀ ਦਾ ਸੁਝਾਅ ਦਿੱਤਾ ਗਿਆ ਹੈ। ਦੁਰਗਾ ਪੂਜਾ, ਨਵਰਾਤਰੀ, ਦਸਹਿਰਾ ਤੇ ਦੀਵਾਲੀ ਸਣੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਹੋਣ ਵਾਲੇ ਕਿਸੇ ਵੀ ਇਕੱਠ ਵਿੱਚ ਕੋਵਿਡ ਦੇ ਨਿਯਮਾਂ ਦਾ ਪਾਲਣ ਕਰਨਾ ਪਵੇਗਾ। ਇਸ ਦਾ ਮਤਲਬ ਹੈ ਕਿ ਖੜ੍ਹੀ ਭੀੜ ਦੀ ਇਜਾਜ਼ਤ ਨਹੀਂ ਹੋਵੇਗੀ, ਵੱਖਰੇ ਪ੍ਰਵੇਸ਼ ਤੇ ਨਿਕਾਸ ਸਥਾਨ ਸਥਾਪਤ ਕਰਨੇ ਪੈਣਗੇ, ਬੈਠਣ ਲਈ ਊਚਿਤ ਸਮਾਜਕ ਦੂਰੀ ਬਣਾਈ ਰੱਖਣੀ ਪਵੇਗੀ, ਭੀੜ ਨੂੰ ਆਕਰਸ਼ਿਤ ਕਰਨ ਵਾਲੀਆਂ ਮੇਲੇ, ਸਟਾਲ ਤੇ ਚੰਡੋਲਾਂ, ਝੂਲੇ ਦੀਆਂ ਸਰਗਰਮੀਆਂ ਨਹੀਂ ਹੋਣਗੀਆਂ। ਬੈਠਣ ਦੀ ਸਮਰੱਥਾ ਦਾ ਸਿਰਫ਼ 50 ਪ੍ਰਤੀਸ਼ਤ ਹੋਵੇਗੀ। ਜ਼ਿਕਰਯੋਗ ਹੈ ਕਿ ਰਾਮ ਲੀਲਾ ਦਾ ਮੰਚਨ ਕਰਨ ਵਾਲੀਆਂ ਕਈ ਕਮੇਟੀਆਂ ਵੱਲੋਂ ਦਿੱਲੀ ਸਰਕਾਰ, ਉਪਰਾਜਪਾਲ ਨੂੰ ਬੇਨਤੀਆਂ ਕੀਤੀਆਂ ਗਈਆਂ ਸਨ ਕਿ ਇਸ ਵਾਰ ਰਾਮ ਲੀਲਾਵਾਂ ਕਰਨ ਦਿੱਤੀਆਂ ਜਾਣ। ਇਸੇ ਕਰ ਕੇ ਸ਼ਰਤਾਂ ਸਣੇ ਇਹ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।