ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੁਲਾਈ
ਪੰਥਕ ਸੇਵਾ ਦਲ ਦੇ ਨੌਜਵਾਨ ਆਗੂ ਬਲਵਿੰਦਰ ਸਿੰਘ ਲਾਜਪਤ ਨਗਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਫ਼ਗਾਨਿਸਤਾਨ ਵਿੱਚ ਦੋ ਦਹਿਸ਼ਤਗਰਦੀ ਹਮਲਿਆਂ ਦੌਰਾਨ ਮਾਰੇ ਗਏ ਸਿੱਖਾਂ ਦੇ ਵਾਰਸਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਮਾਲੀ ਮਦਦ ਨਾ ਕਰਨ ਦੀ ਨਿਖੇਧੀ ਕੀਤੀ ਹੈ। ਆਗੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਕਰੋੜਾਂ ਦਾ ਬਜਟ ਹੁੰਦਾ ਹੈ ਤੇ 30 ਲੱਖ ਰੁਪਏ ਤੋਂ ਕੁੱਝ ਵੱਧ ਰਕਮ ਇਸ ਧਾਰਮਿਕ ਸੰਸਥਾ ਲਈ ਬਹੁਤ ਮਾਮੂਲੀ ਗੱਲ ਹੈ। ਬਲਵਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨਾਂ ਨੂੰ ਗੋਬਿੰਦ ਸਿੰਘ ਲੋਂਗੋਵਾਲ ਦਾ ਵਾਰਸਾਂ ਨਾਲ ਕੀਤਾ ਵਾਅਦਾ ਵੀ ਯਾਦ ਕਰਵਾਇਆ। ਯੂਥ ਆਗੂ ਨੇ ਕਿਹਾ ਕਿ ਧਾਰਮਿਕ ਕਾਰਜ ਕਰਨੇ ਚੰਗੀ ਗੱਲ ਹੈ ਪਰ ਸ਼੍ਰੋਮਣੀ ਕਮੇਟੀ ਪੰਜਾਬ ਤੋਂ ਸ਼ਰਧਾਲੂਆਂ ਦੀਆਂ ਬੱਸਾਂ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਕਿਉਂ ਨਹੀਂ ਭੇਜਦੀ।