ਪੱੱਤਰ ਪ੍ਰੇਰਕ
ਨਵੀਂ ਦਿੱਲੀ, 24 ਜੂਨ
ਆਪਣੇ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਵਾਉਣ ਦੀ ਉਡੀਕ ਕਰ ਰਹੇ ਮਾਪਿਆਂ ਲਈ ਰਾਹਤ ਦੀ ਖਬਰ ਆਈ ਹੈ। ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਨਰਸਰੀ, ਕੇਜੀ ਤੇ ਪਹਿਲੀ ਜਮਾਤ ਲਈ ਦਾਖ਼ਲਿਆਂ ਲਈ ਅਰਜ਼ੀਆਂ ਦੇਣ ਦੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ। ਕੌਮੀ ਰਾਜਧਾਨੀ ਦਿੱਲੀ ਦੇ ਸਿੱਖਿਆ ਡਾਇਰੈਕਟੋਰੇਟ ਨੇ ਜ਼ਰੂਰੀ ਤਾਰੀਕਾਂ ਅਤੇ ਨਿਰਦੇਸ਼ਾਂ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਮੁਤਾਬਕ ਸਾਰੇ ਸਰਕਾਰੀ ਸਰਵੋਧਿਆ ਵਿਦਿਆਲਿਆਂ ਵਿੱਚ ਨਿਰਦੇਸ਼ ਜਾਰੀ ਕੀਤੇ ਗਏ ਹਨ ਤੇ 2021-22 ਦੇ ਵਿਦਿਅਕ ਸੈਸ਼ਨ ਬਾਰੇ ਜਾਣਕਾਰੀ ਤੇ ਉਕਤ ਸਾਰੀਆਂ ਜਮਾਤਾਂ ਵਿੱਚ ਉਪਲੱਬਧ ਸੀਟਾਂ ਦੀ ਗਿਣਤੀ ਸਕੂਲਾਂ ਦੇ ਗੇਟਾਂ ਦੇ ਬਾਹਰ ਲਾਈ ਜਾਵੇਗੀ। ਨਰਸਰੀ, ਕੇਜੀ ਤੇ ਪਹਿਲੀ ਜਮਾਤ ਵਿੱਚ ਦਾਖ਼ਲੇ ਲਈ ਅਰਜ਼ੀ ਪ੍ਰਕਿਰਿਆ ਆਫਲਾਈਨ ਹੋਵੇਗੀ ਤੇ ਮਾਪਿਆਂ ਨੂੰ ਆਪਣੇ ਇਲਾਕਿਆਂ ਵਿੱਚ ਨੇੜਲੇ ਸਰਕਾਰੀ ਸਰਬੋਧਿਆ ਵਿਦਿਆਲਿਆਂ ਵਿੱਚ ਜਾ ਕੇ ਆਪਣੇ ਬੱਚਿਆਂ ਦੇ ਦਾਖ਼ਲੇ ਲਈ ਫਾਰਮ ਦੇਣਾ ਹੋਵੇਗਾ। ਅਰਜ਼ੀਆਂ 28 ਜੂਨ ਤੋਂ 12 ਜੁਲਾਈ 2021 ਤੋਂ ਸ਼ੁਰੂ ਹੋਣ ਵਾਲੇ ਕੰਮ ਦੇ ਦਿਨਾਂ ਦੌਰਾਨ ਮਿਲ ਸਕਣਗੀਆਂ। ਇਹ ਦਾਖ਼ਲਾ ਫਾਰਮ ਆਨਲਾਈਨ ਵੀ ‘ਡਾਊਨਲੋਡ’ ਕੀਤਾ ਜਾ ਸਕਦਾ ਹੈ ਜੋ ਸਰਕਾਰ ਦੀ ਵੈੱਬਸਾਈਟ ’ਤੇ ਉਪਲੱਬਧ ਹੈ। ਬੱਚਿਆਂ ਦੇ ਦਾਖ਼ਲੇ ਲਈ ਮਾਪਿਆਂ ਨੂੰ ਅਰਜ਼ੀਆਂ ਪੂਰੀ ਤਰ੍ਹਾਂ ਭਰਨੀਆਂ ਹੋਣਗੀਆਂ ਤੇ ਸਬੰਧਤ ਸਾਰੇ ਦਸਤਾਵੇਜ਼ ਲਾ ਕੇ ਸਬੰਧਤ ਸਕੂਲਾਂ ਵਿੱਚ 12 ਜੁਲਾਈ 2021 ਤੱਕ ਜਮ੍ਹਾਂ ਕਰਵਾਉਣੀਆਂ ਹੋਣਗੀਆਂ। ਸਾਰੀਆਂ ਅਰਜ਼ੀਕਾਰਾਂ ਦੀ ਸੂਚੀ ਤੇ ਫਾਰਮਾਂ ਵਿਚਲੀਆਂ ਗ਼ਲਤੀਆਂ 14 ਜੁਲਾਈ ਨੂੰ ਐਲਾਨੀਆਂ ਜਾਣਗੀਆਂ।