ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੂਨ
ਦਿੱਲੀ ਭਾਜਪਾ ਪ੍ਰਧਾਨ ਵਜੋਂ ਆਦੇਸ਼ ਕੁਮਾਰ ਗੁਪਤਾ ਨੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਤੇ ਮਨੋਜ ਤਿਵਾੜੀ ਸਮੇਤ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਵਿੱਚ ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਵਿੱਚ ਅਹੁਦਾ ਸੰਭਾਲਿਆ। ਭਾਜਪਾ ਨੇ ਮੰਗਲਵਾਰ ਨੂੰ ਮੌਜੂਦਾ ਕੌਂਸਲਰ ਅਤੇ ਉੱਤਰੀ ਦਿੱਲੀ ਦੇ ਸਾਬਕਾ ਮੇਅਰ ਸ੍ਰੀ ਗੁਪਤਾ ਨੂੰ ਦਿੱਲੀ ਇਕਾਈ ਦਾ ਮੁਖੀ ਨਿਯੁਕਤ ਕੀਤਾ ਸੀ। ਸ੍ਰੀ ਗੁਪਤਾ ਨੇ ਇਸ ਮੌਕੇ ਕਿਹਾ ਕਿ ਮੇਰੇ ਵਰਗੇ ਇੱਕ ਆਮ ਵਰਕਰ ਨੂੰ ਦਿੱਲੀ ਭਾਜਪਾ ਦਾ ਪ੍ਰਧਾਨ ਨਿਯੁਕਤ ਕਰਨ ਲਈ ਪਾਰਟੀ ਨੇਤਾਵਾਂ ਦਾ ਧੰਨਵਾਦੀ ਹਾਂ। ਮੈਂ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਅਤੇ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂਗਾ। ਆਪਣੀ ਪਾਰਟੀ ਇਕਾਈ ਵੱਲੋਂ ਉਨ੍ਹਾਂ ਨੇ ਕੋਵਿਡ -19 ਮਹਾਂਮਾਰੀ ਨਾਲ ਨਜਿੱਠਣ ਤੇ ਜਾਨਾਂ ਬਚਾਉਣ ਲਈ ਦਿੱਲੀ ਸਰਕਾਰ ਨੂੰ ਮਦਦ ਦੀ ਪੇਸ਼ਕਸ਼ ਵੀ ਕੀਤੀ। ਆਪਣੇ ਉਤਰਾਧਿਕਾਰੀ ਦਾ ਸਵਾਗਤ ਕਰਦਿਆਂ ਸ੍ਰੀ ਤਿਵਾੜੀ ਨੇ ਸ੍ਰੀ ਗੁਪਤਾ ਨੂੰ ਮਿਹਨਤੀ ਪਾਰਟੀ ਵਰਕਰ ਦੱਸਿਆ। ਸਾਬਕਾ ਭਾਜਪਾ ਮੁਖੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸ੍ਰੀ ਗੁਪਤਾ ਆਪਣੇ ਫਰਜ਼ ਨਿਪੁੰਨਤਾ ਨਾਲ ਨਿਭਾਉਣਗੇ ਅਤੇ ਪਾਰਟੀ ਇਕਾਈ ਨੂੰ ਨਵੀਂਆਂ ਉਚਾਈਆਂ ’ਤੇ ਲੈ ਜਾਣਗੇ। ਮਹਾਂਮਾਰੀ ਦੇ ਮੱਦੇਨਜ਼ਰ ਪਾਰਟੀ ਦੇ ਸਿਰਫ ਸੀਮਤ ਗਿਣਤੀ ਦੇ ਨੇਤਾਵਾਂ ਤੇ ਅਹੁਦੇਦਾਰਾਂ ਨੂੰ ਪ੍ਰੋਗਰਾਮ ਲਈ ਬੁਲਾਇਆ। ਸ੍ਰੀ ਗੁਪਤਾ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਮਾਗਮ ਲਈ ਦਫ਼ਤਰ ’ਚ ਇਕੱਠੇ ਨਾ ਹੋਣ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਸ਼ਿਆਮ ਜਾਜੂ ਤੇ ਦੁਸ਼ਯੰਤ ਗੌਤਮ, ਸਾਬਕਾ ਕੇਂਦਰੀ ਮੰਤਰੀ ਵਿਜੇ ਗੋਇਲ, ਪਾਰਟੀ ਦੇ ਸੰਸਦ ਮੈਂਬਰ ਰਮੇਸ਼ ਬਿਧੂਰੀ, ਮੀਨਾਕਸ਼ੀ ਲੇਖੀ ਤੇ ਪਰਵੇਸ਼ ਵਰਮਾ, ਵਿਧਾਇਕ ਰਾਮਵੀਰ , ਅਭੈ ਵਰਮਾ, ਓਪੀ ਸ਼ਰਮਾ, ਮੋਹਨ ਸਿੰਘ ਬਿਸ਼ਟ ਤੇ ਦਿੱਲੀ ਭਾਜਪਾ ਸੰਗਠਨ ਦੇ ਸਕੱਤਰ ਸਿਧਾਰਥਨ ਸਮੇਤ ਹੋਰਨਾਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।