ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਸਤੰਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਦਿੱਲੀ ਸਕੱਤਰੇਤ ਵਿਖੇ ਡੀਪੀਸੀਸੀ ਦੇ ਇੰਜਨੀਅਰਾਂ ਨਾਲ ਪ੍ਰਦੂਸ਼ਣ ਵਿਰੁੱਧ ਵਿੰਟਰ ਐਕਸ਼ਨ ਪਲਾਨ ਸਬੰਧੀ ਮੀਟਿੰਗ ਕੀਤੀ। ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਪ੍ਰਦੂਸ਼ਣ ਵਿਰੁੱਧ ਸਰਦ ਰੁੱਤ ਕਾਰਜ ਯੋਜਨਾ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸਾਲ ‘ਵਿੰਟਰ ਐਕਸ਼ਨ ਪਲਾਨ 15 ਫੋਕਸ ਪੁਆਇੰਟਾਂ’ ’ਤੇ ਆਧਾਰਿਤ ਹੈ। ਉਨ੍ਹਾਂ ਡੀਪੀਸੀਸੀ ਦੇ ਅਧਿਕਾਰੀਆਂ ਨੂੰ ਸਰਦ ਰੁੱਤ ਕਾਰਜ ਯੋਜਨਾ ਨਾਲ ਸਬੰਧਤ ਸਾਰੀਆਂ ਤਿਆਰੀਆਂ ਜਲਦੀ ਤੋਂ ਜਲਦੀ ਕਰਨ, ਮੁੱਖ 5 ਪੁਆਇੰਟਾਂ ਜਿਵੇਂ ਕਿ ਧੂੜ ਪ੍ਰਦੂਸ਼ਣ, ਉਦਯੋਗਿਕ ਪ੍ਰਦੂਸ਼ਣ, ਗ੍ਰੀਨਵਾਰ ਰੂਮ ਅਤੇ ਗ੍ਰੀਨ ਐਪ, ਸਮੋਗ ਟਾਵਰ, ਰੀਅਲ ਟਾਈਮ ਅਪਾਰਟਮੈਂਟ ਸਟੱਡੀ ’ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਗੈਰ-ਕਾਨੂੰਨੀ, ਅਣਅਧਿਕਾਰਤ ਉਦਯੋਗਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ।