ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਅਪਰੈਲ
ਕੌਮੀ ਰਾਜਧਾਨੀ ਦਿੱਲੀ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਕੌਮੀ ਰਾਜਧਾਨੀ ਭਿਆਨਕ ਗਰਮੀ ਨਾਲ ਜੂਝ ਰਹੀ ਹੈ। ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਹੈ ਜੋ ਆਮ ਨਾਲੋਂ ਸੱਤ ਡਿਗਰੀ ਵੱਧ ਹੈ। ਇਸ ਸਾਲ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਅੱਜ ਦੁਪਹਿਰ ਵੇਲੇ ਚੱਲੀ ਲੂ ਨੇ ਗਰਮੀ ਹੋਰ ਵਧੀ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਦਿੱਲੀ ਵਿੱਚ ਅਜੇ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਦਿੱਲੀ ਵਿੱਚ ਮੰਗਲਵਾਰ ਤੋਂ ਦਿਨ ਵੇਲੇ ਆਸਮਾਨ ’ਚ ਹਲਕੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਗਰਮੀ ਦੀ ਲਹਿਰ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਮੈਦਾਨੀ ਖੇਤਰਾਂ ਵਿੱਚ ਗਰਮੀ ਦੀ ਲਹਿਰ ਉਦੋਂ ਐਲਾਨੀ ਜਾਂਦੀ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੁੰਦਾ ਹੈ ਤੇ ਘੱਟੋ-ਘੱਟ 4.5 ਡਿਗਰੀ ਸੈਲਸੀਅਸ ਆਮ ਨਾਲੋਂ ਵੱਧ ਹੁੰਦਾ ਹੈ। ਮੌਸਮ ਵਿਭਾਗ ਅਨੁਸਾਰ ਦੇਸ਼ ਦੀ ਰਾਜਧਾਨੀ ਵਿੱਚ 9 ਅਪਰੈਲ ਨੂੰ ਵੀ ਇੱਕ ਗੰਭੀਰ ਗਰਮੀ ਦੀ ਲਹਿਰ ਦਾ ਅਲਰਟ ਜਾਰੀ ਹੈ। ਇਸ ਦੇ ਨਾਲ ਹੀ ਆਉਣ ਵਾਲੇ 3 ਦਿਨਾਂ ਤੱਕ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 41-42 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 22 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਜਾਣਕਾਰੀ ਦਿੰਦੇ ਹੋਏ ਵਿਭਾਗ ਨੇ ਕਿਹਾ ਹੈ ਕਿ ਦਿੱਲੀ ’ਚ ਗਰਮੀ ਦੀ ਲਹਿਰ ਹੋਰ ਤੇਜ਼ ਹੋਣ ਦੀ ਉਮੀਦ ਹੈ। ਹਾਲਾਂ ਕਿ 12 ਅਪਰੈਲ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ। ਅੱਜ ਸਵੇਰੇ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਸੀਜ਼ਨ ਦੇ ਇਸ ਸਮੇਂ ਲਈ ਆਮ ਸੀ। ਸਵੇਰੇ 8.30 ਵਜੇ ਨਮੀ 48 ਫੀਸਦੀ ਦਰਜ ਕੀਤੀ ਗਈ। ਸ਼ੁੱਕਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਸੱਤ ਡਿਗਰੀ ਵੱਧ ਹੈ ਅਤੇ ਇਸ ਸਾਲ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਵਿਭਾਗ ਮੌਸਮ ਦੀਆਂ ਚੇਤਾਵਨੀਆਂ ਲਈ ਚਾਰ ਰੰਗ ਕੋਡ ਵਰਤਦਾ ਹੈ, ਹਰਾ (ਕੋਈ ਕਾਰਵਾਈ ਦੀ ਲੋੜ ਨਹੀਂ), ਪੀਲਾ (ਦੇਖੋ ਤੇ ਅਪਡੇਟ ਰਹੋ), ਸੰਤਰੀ (ਤਿਆਰ ਰਹੋ) ਤੇ ਲਾਲ (ਕਾਰਵਾਈ ਕਰੋ)। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਹਵਾ ਦੀ ਗੁਣਵੱਤਾ ‘ਖਰਾਬ’ ਸ਼੍ਰੇਣੀ ਵਿੱਚ ਰਹੀ ਕਿਉਂਕਿ ਏਅਰ ਕੁਆਲਿਟੀ ਇੰਡੈਕਸ 260 ਸੀ।
ਤਿੱਤਲੀ ਬਾਗ਼ ਦੇ ਰਿਹਾ ਹੈ ਗਰਮੀ ਤੋਂ ਰਾਹਤ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਉੱਤਰੀ ਹਿੱਸੇ ਵਿੱਚ ਸਿੰਘੂ ਬਾਰਡਰ ਕੋਲ ਮਾਮੂਰਪੁਰ ਨਰਸਰੀ ’ਚ ਬਣਾਇਆ ਗਿਆ ਤਿਤਲੀ ਬਾਗ਼ (ਬਟਰਫਲਾਈ ਗਾਰਡਨ) ਇਲਾਕੇ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇ ਰਿਹਾ ਹੈ। ਇਸ ਪਾਰਕ ਦਾ ਉਦਘਾਟਨ ਭਾਰਤੀ ਜੰਗਲਾਤ ਸੇਵਾਵਾਂ ਦੇ ਅਧਿਕਾਰੀ (ਆਈਐੱਫਐੱਸ) ਈਸ਼ਵਰ ਸਿੰਘ ਵੱਲੋਂ ਕੀਤਾ ਗਿਆ ਸੀ। ਦਿੱਲੀ ਦੇ ਬਗੀਚਾ ਤੇ ਜੰਗਲਾਤ ਮਹਿਕਮੇ ਵੱਲੋਂ ਕਾਇਮ ਕੀਤੇ ਗਏ ਇਸ ਬਾਗ਼ ਵਿੱਚ ਤਿੱਤਲੀਆਂ ਤੇ ਉਨ੍ਹਾਂ ਦੇ ਜੀਵਨ ਚੱਕਰ ਬਾਰੇ ਦਸ ਪੜਾਵਾਂ ਵਿੱਚ ਜਾਣਕਾਰੀ ਦਿੱਤੀ ਗਈ ਹੈ। ਕੰਧਾਂ ਉਪਰ ਤਿੱਤਲੀਆਂ ਦੇ ਚਿੱਤਰ ਉਲੀਕੇ ਗਏ ਹਨ। ਆਸ-ਪਾਸ ਦਰੱਖ਼ਤਾਂ ਦੇ ਹਰੇ ਝੁੰਡ ਅੱਖਾਂ ਨੂੰ ਠੰਢਕ ਭਰੀ ਰਾਹਤ ਦਿੰਦੇ ਹਨ। ਬੱਚਿਆਂ ਲਈ ਇੱਥੇ ਸਿੱਖਣ ਲਈ ਸਾਧਨ ਮੁਹੱਈਆ ਕਰਵਾਏ ਗਏ ਹਨ ਤੇ ਵਾਤਾਵਰਨ ਪ੍ਰੇਮੀਆਂ ਲਈ ਵੀ ਇਹ ਥਾਂ ਸੁਹਾਵਣੀ ਹੈ।