ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਜੂਨ
ਦੱਖਣੀ ਦਿੱਲੀ ਦੇ ਇਕ ਖੇਤਰ ਵਿਚ ਰਹਿਣ ਵਾਲੇ ਇਕ ਜੋੜੇ ਨੂੰ ਘਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਕੈਮਰੇ ਠੀਕ ਕਰਨ ਆਏ ਇਕ ਇੰਜਨੀਅਰ ਨੇ ਆਪਣੇ ਮੋਬਾਈਲ ‘ਤੇ ਕੈਮਰਿਆਂ ਦੀ ਵਰਤੋਂ ਕਰ ਲਈ, ਜਿਸ ਤੋਂ ਬਾਅਦ ਉਸ ਨੇ ਜੋੜੇ ਦੇ ਘਰ ਦੀਆਂ ਸਾਰੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਉਸ ਨੇ ਮੋਬਾਈਲ ‘ਤੇ ਜੋੜੇ ਦੇ ਨਿੱਜੀ ਸਬੰਧਾਂ ਦੀ ਵੀਡੀਓ ਨੂੰ ਵੀ ‘ਸੇਵ’ ਕਰ ਲਿਆ ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜੋੜੇ ਨੇ ਦਿੱਲੀ ਪੁਲੀਸ ਦੇ ਸਾਈਬਰ ਸੈੱਲ ਨੂੰ ਸ਼ਿਕਾਇਤ ਕੀਤੀ। ਮਾਮਲੇ ਵਿੱਚ ਪੁਲੀਸ ਨੇ ਬੰਗਲੌਰ ਤੋਂ ਰਾਸ਼ਿਦ ਨਾਮ ਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਮੋਬਾਈਲ ਤੋਂ ਪੁਲੀਸ ਨੇ ਜੋੜੇ ਦੀਆਂ 80 ਤੋਂ ਵੱਧ ਵੀਡੀਓਜ਼ ਬਰਾਮਦ ਕੀਤੀਆਂ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਦਾ ਪਤੀ ਕਾਨੂੰਨੀ ਸਲਾਹਕਾਰ ਹੈ ਜਦੋਂ ਕਿ ਪਤਨੀ ਇਕ ਮਲਟੀਨੈਸ਼ਨਲ ਕੰਪਨੀ ਵਿਚ ਕੰਮ ਕਰਦੀ ਹੈ।
ਉਸ ਦੀ ਇਕ ਧੀ ਹੈ ਜਿਸ ਦੀ ਦੇਖਭਾਲ ਲਈ ਉਸਨੇ ਇੱਕ ਸਹਾਇਕ ਰੱਖਿਆ ਹੋਇਆ ਹੈ। ਇਸ ਕਰਕੇ ਉਸ ਨੇ ਘਰ ਵਿੱਚ ਹਰ ਜਗ੍ਹਾ ਸੀਸੀਟੀਵੀ ਕੈਮਰੇ ਲਗਾਏ ਹਨ। ਕੁਝ ਮਹੀਨੇ ਪਹਿਲਾਂ ਕੈਮਰੇ ਖਰਾਬ ਹੋ ਗਏ ਸਨ। ਉਨ੍ਹਾਂ ਦੀ ਮੁਰੰਮਤ ਕਰਾਉਣ ਲਈ ਇੰਜਨੀਅਰ ਰਾਸ਼ਿਦ ਨੂੰ ਕੰਪਨੀ ਤੋਂ ਬੁਲਾਇਆ ਸੀ। ਰਾਸ਼ਿਦ ਨੇ ਪਿਛਲੇ ਮਹੀਨੇ ਇੰਟਰਨੈੱਟ ਮੀਡੀਆ ‘ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਜੋੜੇ ਤੋਂ 3 ਲੱਖ ਰੁਪਏ ਦੀ ਮੰਗ ਕੀਤੀ। ਪੀੜਤ ਜੋੜੇ ਨੇ ਉਸ ਨੂੰ ਕੁਝ ਪੈਸੇ ਵੀ ਦਿੱਤੇ ਸਨ ਪਰ ਜਦੋਂ ਉਸ ਦੀ ਮੰਗ ਵਧਣੀ ਸ਼ੁਰੂ ਹੋਈ ਤਾਂ ਜੋੜੇ ਨੇ ਸਾਈਬਰ ਸੈੱਲ ਨੂੰ ਸ਼ਿਕਾਇਤ ਕੀਤੀ ਸੀ।