ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜਨਵਰੀ
ਸ਼ਹਿਰ ਵਿੱਚ ਦੋ ਕੈਬ ਡਰਾਈਵਰਾਂ ਦੀ ਹੱਤਿਆ ਅਤੇ ਉਨ੍ਹਾਂ ਦਾ ਸਾਮਾਨ ਚੋਰੀ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਦਿਨ ਬਾਅਦ ਹੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ। ਡੀਸੀਪੀ ਸੈਂਟਰਲ ਸ਼ਵੇਤਾ ਚੌਹਾਨ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਆਨੰਦ ਪਰਬਤ ਖੇਤਰ ਦੇ ਆਕਾਸ਼ ਉਰਫ਼ ਅੱਕੂ ਤੇ ਜੁਨੈਦ ਵਜੋਂ ਹੋਈ ਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਆਨਲਾਈਨ ਕੈਬ ਬੁੱਕ ਕਰਨ ਅਤੇ ਫਿਰ ਡਰਾਈਵਰਾਂ ਦਾ ਕਤਲ ਕਰਨ ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਕਮਲ ਟੀ-ਪੁਆਇੰਟ ਤੋਂ ਕੈਬ ਬੁੱਕ ਕੀਤੀ। ਅਧਿਕਾਰੀ ਨੇ ਦੱਸਿਆ ਕਿ ਕੁਝ ਦੂਰੀ ਦੀ ਯਾਤਰਾ ਕਰਨ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਤੋਂ ਡਰਾਈਵਰ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ, ਉਸ ਦਾ ਮੋਬਾਈਲ ਫੋਨ ਲੈ ਲਿਆ ਤੇ ਕਾਰ ਅਤੇ ਲਾਸ਼ ਨੂੰ ਵੱਖ-ਵੱਖ ਥਾਵਾਂ ’ਤੇ ਸੁੱਟ ਦਿੱਤਾ। ਉਨ੍ਹਾਂ ਨੇ ਆਨੰਦ ਪਰਬਤ ਤੋਂ ਸਵੇਰੇ 6.45 ਵਜੇ ਇਕ ਹੋਰ ਕਾਰ ਬੁੱਕ ਕਰਵਾਈ। ਡੀਸੀਪੀ ਨੇ ਦੱਸਿਆ ਕਿ ਉਨ੍ਹਾਂ ਨੇ ਉਸੇ ਢੰਗ ਨਾਲ ਦੂਜੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲੀਸ ਨੇ ਦੱਸਿਆ ਕਿ ਕਾਰ ਚਾਲਕ ਦੀ ਪਛਾਣ ਅਨਿਲ ਯਾਦਵ (48) ਵਾਸੀ ਮਹਾਵੀਰ ਐਨਕਲੇਵ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਦੂਜੇ ਕੈਬ ਡਰਾਈਵਰ ਨੋਇਡਾ ਦੇ ਛਵੀ ਨਾਥ ਦੀ ਲਾਸ਼ ਉੱਤਰ ਪੱਛਮੀ ਦਿੱਲੀ ਦੇ ਭਾਰਤ ਨਗਰ ਖੇਤਰ ਅਤੇ ਉਸਦੀ ਕਾਰ ਗੁਲਾਬੀ ਬਾਗ ਵਿੱਚ ਮਿਲੀ ਹੈ, ਜਿਸ ਤੋਂ ਬਾਅਦ ਪੁਲੀਸ ਨੇ ਕੈਬ ’ਚ ਸਵਾਰ ਯਾਤਰੀਆਂ ਦੇ ਵੇਰਵੇ ਪ੍ਰਾਪਤ ਕੀਤੇ ਤੇ ਉਨ੍ਹਾਂ ਨੇ ਕਥਿਤ ਦੋ ਦੋਸ਼ੀਆਂ ਨੂੰ ਜ਼ਖੀਰਾ ਫਲਾਈਓਵਰ ਖੇਤਰ ਦੇ ਨੇੜੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।