ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੁਲਾਈ
ਨੋਇਡਾ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਨੇ ਕਤਲ ਦੇ ਮਾਮਲੇ ਵਿੱਚ ਅੱਠ ਸਾਲਾਂ ਤੋਂ ਫ਼ਰਾਰ ਇੱਕ ਵਿਅਕਤੀ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ 2013 ਵਿੱਚ ਇੱਕ ਕਤਲ ਦੇ ਮਾਮਲੇ ਵਿੱਚ ਫ਼ਰਾਰ ਸੀ। ਉਸ ਦੀ ਪਛਾਣ ਮਜੀਦ (30) ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਦੇ ਕਟੌਲੀ ਕਲਾਂ ਦਾ ਵਸਨੀਕ ਹੈ। ਐੱਸਟੀਐੱਫ ਦੀ ਟੀਮ ਨੇ ਉਸ ਕੋਲੋਂ ਦੋ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਛੇ ਹਜ਼ਾਰ ਤੇ 850 ਸਾਊਦੀ ਰਿਆਲ (17,000 ਰੁਪਏ ਤੋਂ ਵੱਧ) ਅਤੇ ਫ਼ੋਨ ਬਰਾਮਦ ਕੀਤੇ। ਪੁਲੀਸ ਨੇ ਦੱਸਿਆ ਕਿ ਮਜੀਦ ਨੇ ਕਥਿਤ ਤੌਰ ’ਤੇ 20 ਅਕਤੂਬਰ 2013 ਨੂੰ ਤਾਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਤੇ ਆਜ਼ਮਗੜ੍ਹ ਵਿੱਚ ਇੱਕ ਸਾਥੀ ਨਾਲ ਮਿਲ ਕੇ ਉਸਦਾ ਮੋਟਰਸਾਈਕਲ ਲੁੱਟ ਲਿਆ ਸੀ। ਪੁਲੀਸ ਅਨੁਸਾਰ, ਮਜੀਦ ਨੇ ਜੌਨਪੁਰ ਤੋਂ 2016 ਵਿੱਚ ਇੱਕ ਜਾਅਲੀ ਪਾਸਪੋਰਟ ਬਣਾਇਆ ਤੇ ਸਾਊਦੀ ਅਰਬ ਭੱਜ ਗਿਆ ਸੀ। 29 ਮਾਰਚ 2017 ਨੂੰ ਇੰਟਰਪੋਲ ਵੱਲੋਂ ਇੱਕ ‘ਰੈੱਡ ਕਾਰਨਰ’ ਨੋਟਿਸ ਜਾਰੀ ਕੀਤਾ ਗਿਆ ਤਾਂ ਜੋ ਉਸ ਨੂੰ ਕੌਮੀ ਪੱਧਰ ’ਤੇ ਕਦੇ ਵੀ ਉਦੋਂ ਗ੍ਰਿਫ਼ਤਾਰ ਕੀਤਾ ਜਾ ਸਕੇ ਜਦੋਂ ਉਹ ਹਵਾਈ ਸਫ਼ਰ ਕਰੇ। ਆਖ਼ਰਕਾਰ ਉਹ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਉੇਪਰ ਕਾਬੂ ਆ ਗਿਆ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਸ ਤੋਂ ਅਗਲੀ ਕਾਰਵਾਈ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ।