ਨਵੀਂ ਦਿੱਲੀ, 19 ਅਪਰੈਲ
ਮੱਧ ਦਿੱਲੀ ਦੇ ਦਰਿਆਗੰਜ ’ਚ ਮਾਸਕ ਨਾ ਪਹਿਨਣ ’ਤੇ ਰੋਕਣ ’ਤੇ ਪੁਲੀਸ ਮੁਲਾਜ਼ਮਾਂ ਨਾਲ ਕਥਿਤ ਤੌਰ ’ਤੇ ਦੁਰਵਿਹਾਰ ਕਰਨ ਤੋਂ ਬਾਅਦ ਇਕ ਵਿਅਕਤੀ ਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਜਾਣਕਾਰੀ ਪੁਲੀਸ ਨੇ ਸੋਮਵਾਰ ਨੂੰ ਦਿੱਤੀ। ਘਟਨਾ ਦਾ ਇਕ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਗਿਆ ਸੀ, ਜਿਸ ’ਚ ਮਾਸਕ ਨਾ ਪਹਿਨਣ ਦਾ ਕਾਰਨ ਪੁੱਛਿਆ ਗਿਆ ਸੀ ਪਰ ਜੋੜੇ ਨੂੰ ਦਿੱਲੀ ਪੁਲੀਸ ਦੇ ਮੁਲਾਜਮਾਂ ਨਾਲ ਦੁਰਵਿਹਾਰ ਕੀਤੇ ਦੇਖਿਆ ਜਾ ਸਕਦਾ ਹੈ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਦੇ ਪਟੇਲ ਨਗਰ ਵਾਸੀ ਪੰਕਜ ਤੇ ਉਸ ਦੀ ਪਤਨੀ ਆਭਿਆ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਜਸਮੀਤ ਸਿੰਘ ਨੇ ਆਪਣੇ ਟਵਿੱਟਰ ਖਾਤੇ ’ਤੇ ਕਿਹਾ,‘‘ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਹਫ਼ਤਾਵਾਰੀ ਕਰਫਿਊ ਦੌਰਾਨ ਮਾਸਕ ਪਹਿਨਣ ਤੋਂ ਇਨਕਾਰ ਕੀਤਾ ਅਤੇ ਦਰਿਆਗੰਜ ਥਾਣੇ ਦੇ ਪੁਲੀਸ ਮੁਲਾਜ਼ਮਾਂ ਨਾਲ ਦੁਰਵਿਹਾਰ ਕੀਤਾ।’’ -ਪੀਟੀਆਈ