ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਮਾਰਚ
ਦਿੱਲੀ ਸਰਕਾਰ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਲਗਭਗ 650 ਦਿੱਲੀ ਵਾਸੀ ਅਜੇ ਵੀ ਯੁੱਧ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਹੋਏ ਹਨ, ਜਦੋਂਕਿ ਕੌਮੀ ਰਾਜਧਾਨੀ ਨਾਲ ਸਬੰਧਤ 215 ਲੋਕਾਂ ਨੂੰ ਹੁਣ ਤੱਕ ਵਾਪਸ ਲਿਆਂਦਾ ਗਿਆ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਵੱਲੋਂ ਦਿੱਤੀ ਗਈ ਸੂਚੀ ਮੁਤਾਬਕ ਦਿੱਲੀ ਦੇ ਕਰੀਬ 870 ਲੋਕ ਯੂਕਰੇਨ ਵਿੱਚ ਸਨ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਤੱਕ, ਜ਼ਿਲ੍ਹਾ ਮੈਜਿਸਟ੍ਰੇਟ, ਉਪ ਮੰਡਲ ਮੈਜਿਸਟ੍ਰੇਟ ਸਮੇਤ ਜ਼ਿਲ੍ਹਾ ਅਧਿਕਾਰੀਆਂ ਨੇ 550 ਤੋਂ ਵੱਧ ਵਿਦਿਆਰਥੀਆਂ ਦੇ ਘਰਾਂ ਦਾ ਦੌਰਾ ਕੀਤਾ, ਜਿਨ੍ਹਾਂ ਨੂੰ ਜਾਂ ਤਾਂ ਬਾਹਰ ਕੱਢਿਆ ਗਿਆ ਹੈ ਜਾਂ ਅਜੇ ਵੀ ਯੂਕਰੇਨ ਵਿੱਚ ਫਸੇ ਹੋਏ ਹਨ। ਸਰਕਾਰੀ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਅਜਿਹੇ 600 ਤੋਂ ਵੱਧ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਫ਼ੋਨ ’ਤੇ ਸੰਪਰਕ ਕੀਤਾ ਗਿਆ ਹੈ ਅਤੇ ਲੋੜੀਂਦੀ ਮਦਦ ਦੀ ਪੇਸ਼ਕਸ਼ ਕੀਤੀ ਗਈ ਹੈ।
ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਵੀਰਵਾਰ ਨੂੰ ਟਵੀਟ ਕੀਤਾ ਤੇ ਲਿਖਿਆ, ‘‘ਦਿੱਲੀ ਸਰਕਾਰ ਯੂਕਰੇਨ ਵਿੱਚ ਫਸੇ ਲੋਕਾਂ ਦੇ ਪਰਿਵਾਰਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਦਿੱਲੀ ਸਰਕਾਰ ਹਿੰਡਨ ਹਵਾਈ ਅੱਡੇ ਜਾਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਯੂਕਰੇਨ ਤੋਂ ਆਉਣ ਵਾਲੇ ਦਿੱਲੀ ਵਾਸੀਆਂ ਦੇ ਘਰਾਂ ਤੱਕ ਯਾਤਰਾ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਏਗੀ।’’
ਦਿੱਲੀ ਸਰਕਾਰ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਯੁੱਧ ਪ੍ਰਭਾਵਿਤ ਯੂਕਰੇਨ ਤੋਂ ਬਾਹਰ ਕੱਢੇ ਗਏ ਵਿਦਿਆਰਥੀਆਂ ਦੇ ਪਰਿਵਾਰਾਂ ਜਾਂ ਜਿਹੜੇ ਅਜੇ ਵੀ ਉੱਥੇ ਫਸੇ ਹੋਏ ਹਨ, ਉਨ੍ਹਾਂ ਨੂੰ ਲੋੜੀਂਦੀ ਮਦਦ ਦੇਣ ਲਈ ਪਹੁੰਚ ਕਰਨ ਲਈ ਕਿਹਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀ ਭਲਾਈ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਜੰਗ ਪ੍ਰਭਾਵਿਤ ਯੂਕਰੇਨ ਦੇ ਅੰਦਰ ਸਰਹੱਦਾਂ ਤੱਕ ਪਹੁੰਚਣ ਲਈ ਆਵਾਜਾਈ ਵਿੱਚ ਆਉਣ ਵਾਲੀਆਂ ਮੁਸ਼ਕਲਾਂ, ਤਾਲਮੇਲ ਦੀ ਘਾਟ ਅਤੇ ਆਪਣੇ ਅਧਿਐਨ ਅਤੇ ਭਵਿੱਖ ਬਾਰੇ ਚਿੰਤਾਵਾਂ ਬਾਰੇ ਵੀ ਗੱਲ ਕੀਤੀ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਨੂੰ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਪ੍ਰਦਾਨ ਕਰਨ ਦੀ ਅਪੀਲ ਕੀਤੀ ਸੀ।
ਭਾਰਤ ਨੇ ਯੂਕਰੇਨ ਵਿਰੁੱਧ ਰੂਸ ਦੇ ਹਮਲੇ ਤੋਂ ਬਾਅਦ 26 ਫਰਵਰੀ ਨੂੰ ਫਸੇ ਹੋਏ ਆਪਣੇ ਲਗਭਗ ਨਾਗਰਿਕਾਂ ਨੂੰ ਕੱਢਣਾ ਸ਼ੁਰੂ ਕੀਤਾ ਸੀ।
ਲੋਕਾਂ ਦੀ ਮਦਦ ਲਈ ਯੂਕਰੇਨ ਜਾਵੇਗਾ ਦਿੱਲੀ ਕਮੇਟੀ ਦਾ ਵਫ਼ਦ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ 20 ਜਣਿਆਂ ਦਾ ਵਫ਼ਦ ਯੂਕਰੇਨ ’ਚ ਫ਼ਸੇ ਲੋਕਾਂ ਦੀ ਮਦਦ ਲਈ ਭੇਜਿਆ ਜਾਵੇਗਾ। ਇਸ ਵਿਚ ਕਮੇਟੀ ਦੇ ਸੀਨੀਅਰ ਮੈਂਬਰ, ਸਟਾਫ਼ ਤੋਂ ਇਲਾਵਾ ਵਾਲੰਟੀਅਰ ਮੌਜੂਦ ਹੋਣਗੇ। ਇਹ ਵਫ਼ਦ ਦੋ ਭਾਗਾਂ ’ਚ ਵੰਡਿਆ ਜਾਵੇਗਾ। ਇਕ ਵਫ਼ਦ ਪੌਲੈਂਡ ਦੇ ਬਾਰਡਰ ਅਤੇ ਦੂਜਾ ਵਫ਼ਦ ਸਲੋਵਾਕੀਆ ਵਿੱਚ ਲੋਕਾਂ ਦੀ ਮਦਦ ਕਰਨ ਲਈ ਪੁੱਜੇਗਾ। ਉਨ੍ਹਾਂ ਦੱਸਿਆ ਕਿ ਇਹ ਵਫ਼ਦ ਉੱਥੇ ਲੰਗਰ ਤੇ ਮੈਡੀਕਲ ਸੁਵਿਧਾਵਾਂ ਦਾ ਕੈਂਪ ਲਗਾਏਗਾ ਤੇ ਹਰ ਸੰਭਵ ਮਦਦ ਫ਼ਸੇ ਹੋਏ ਲੋਕਾਂ ਤੱਕ ਪਹੁੰਚਾਏਗਾ। ਉਨ੍ਹਾਂ ਕਿਹਾ ਕਿ ਜੰਗ ਤੋਂ ਬਾਅਦ ਹਾਲਾਤ ਹੋਰ ਵੀ ਬੱਦਤਰ ਹੋ ਜਾਂਦੇ ਹਨ ਅਤੇ ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਮਦਦ ਦੀ ਲੋੜ ਵਧੇਰੇ ਹੁੰਦੀ ਹੈ। ਇਸ ਲਈ ਦਿੱਲੀ ਕਮੇਟੀ ਮਨੁੱਖਤਾ ਪ੍ਰਤੀ ਆਪਣਾ ਫ਼ਰਜ਼ ਸਮਝਦੇ ਹੋਏ ਇੱਕ ਵਫ਼ਦ ਉੱਥੇ ਭੇਜ ਰਹੀ ਹੈ।