ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਮਈ
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੇ ਵਿਛੋੜੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਕਿਸਾਨ ਆਗੂਆਂ ਜਗਮੋਹਨ ਸਿੰਘ ਪਟਿਆਲਾ, ਹਰਮੀਤ ਸਿੰਘ ਕਾਦੀਆਂ ਅਤੇ ਡਾ. ਦਰਸ਼ਨ ਪਾਲ ਨੇ ਕਿਹਾ ਕਿ ਅਭੈ ਸਿੰਘ ਕਿਸਾਨ-ਅੰਦੋਲਨ ਦੇ ਸਮਰਥਕ ਸਨ ਅਤੇ ਕਿਸਾਨੀ-ਧਰਨਿਆਂ ’ਤੇ ਹਾਜ਼ਰੀ ਭਰਦੇ ਰਹਿੰਦੇ ਸਨ। 23 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਦੇ ਚਾਚਾ ਅਤੇ ‘ਪਗੜੀ ਸੰਭਾਲ ਜੱਟਾ ਲਹਿਰ’ ਦੇ ਬਾਨੀ ਚਾਚਾ ਅਜੀਤ ਸਿੰਘ ਨੂੰ ‘ਪਗੜੀ ਸੰਭਾਲ ਜੱਟਾ’ ਦਿਹਾੜੇ ’ਤੇ ਅਭੈ ਸੰਧੂ ਨੂੰ ਸਿੰਘੂ-ਮੋਰਚੇ ’ਤੇ ਸਨਮਾਨਿਤ ਕੀਤਾ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਕਿਸਾਨੀ-ਮੰਗਾਂ ਦੇ ਸਮਰਥਨ ’ਚ ਭੁੱਖ-ਹੜਤਾਲ ਰੱਖਣ ਦੀ ਪੇਸ਼ਕਸ਼ ਵੀ ਕੀਤੀ ਸੀ ਪਰ ਮੋਰਚੇ ਦੇ ਆਗੂਆਂ ਨੇ ਉਨ੍ਹਾਂ ਦੀ ਸਿਹਤ ਪ੍ਰਤੀ ਫਿਕਰਮੰਦੀ ਰੱਖਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਲਗਾਤਾਰ ਸ਼ਮੂਲੀਅਤ ਹੀ ਕਿਸਾਨ/ਆਗੂਆਂ ਨੂੰ ਹੱਲਾਸ਼ੇਰੀ ਅਤੇ ਪ੍ਰੇਰਨਾ ਦਿੰਦੀ ਹੈ। ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਅਭੈ ਸਿੰਘ ਵੱਲੋਂ ਸਮਾਜਿਕ-ਖੇਤਰ ’ਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਮਾਝੇ ਦੇ ਕਿਸਾਨਾਂ ਦਾ ਵੱਡਾ ਕਾਫ਼ਲਾ ਸਿੰਘੂ ਪੁੱਜਿਆ
ਕੁੱਲ ਹਿੰਦ ਕਿਸਾਨ ਸਭਾ ਦੇ ਕਿਸਾਨ ਕਾਰਕੁਨਾਂ ਦਾ ਮਾਝੇ ਤੋਂ ਇੱਕ ਜਥਾ ਸਿੰਘੂ ਬਾਰਡਰ ਪਹੁੰਚਿਆ ਤੇ ਸੰਯੁਕਤ ਕਿਸਾਨ ਮੋਰਚੇ ਦੇ ਤਿੰਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਚੱਲ ਰਹੇ ਧਰਨਿਆਂ ਵਿੱਚ ਸ਼ਮੂਲੀਅਤ ਕੀਤੀ। ਕੁੱਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂ ਬਲਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡਾਂ ਤੋਂ ਸੌ ਤੋਂ ਵੱਧ ਕਿਸਾਨਾਂ ਦਾ ਜਥਾ ਸਿੰਘੂ ਪਹੁੰਚਿਆ। ਕੁੱਲ ਹਿੰਦ ਕਿਸਾਨ ਸਭਾ ਵੱਲੋਂ 25 ਨਵੰਬਰ 2020 ਤੋਂ ਹੀ ਸਿੰਘੂ ਤੇ ਟਿਕਰੀ ਦੇ ਮੋਰਚਿਆਂ ਉਪਰ ਪੁੱਜਣਾ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਕਈ ਜਥੇ ਹੁਣ ਤੱਕ ਕਿਸਾਨਾਂ ਦੇ ਮੋਰਚਿਆਂ ਉਪਰ ਆ ਅਤੇ ਜਾ ਚੁੱਕੇ ਹਨ। ਗਰੇਵਾਲ ਨੇ ਕਿਹਾ ਕਿ ਵਾਢੀ ਖਤਮ ਹੋਣ ਮਗਰੋਂ ਕਿਸਾਨਾਂ ਦੀ ਮੋਰਚਿਆਂ ਵਿੱਚ ਆਮਦ ਵਧਣ ਤੋਂ ਸਪੱਸ਼ਟ ਦਿਖਾਈ ਦੇਣ ਲੱਗਾ ਹੈ ਕਿ ਨੌਜਵਾਨ ਵੀ ਮੁੜ ਦਿੱਲੀ ਦੇ ਮੋਰਚਿਆਂ ਵਿੱਚ ਵਧ ਗਏ ਹਨ। ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਹੁਣ ਸਰਕਾਰਾਂ ਵੱਲੋਂ ਕਰੋਨਾ ਦੀ ਆੜ ਹੇਠ ਕਿਸਾਨਾਂ ਨੂੰ ਡਰਾਉਣਾ ਚਾਹੁੰਦੀ ਹੈ। ਸਭਾ ਦੇ ਕਾਰਕੁਨਾਂ ਨੇ ਸਿੰਘੂ ਵਿੱਚ ਸਟੇਜ ਵੱਲ ਮਾਰਚ ਕੱਢਿਆ ਗਿਆ ਤੇ ਮੋਦੀ ਸਰਕਾਰ ਦੇ ਤਿੰਨਾਂ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ, ਇਨ੍ਹਾਂ ਕਾਨੂੰਨਾਂ ਦੀ ਵਾਪਸੀ ਮਗਰੋਂ ਹੀ ਘਰਾਂ ਨੂੰ ਪਰਤਣ ਦੇ ਇਰਾਦੇ ਪ੍ਰਗਟਾਏ। ਇਸ ਮੌਕੇ ਬਲਦੇਵ ਸਿੰਘ, ਕਾਬਲ ਸਿੰਘ, ਬਚਨ ਸਿੰਘ, ਬਲਕਾਰ ਸਿੰਘ, ਦਿਲਬਾਗ ਸਿੰਘ, ਨਿਸ਼ਾਨ ਸਿੰਘ, ਰਾਜਿੰਦਰ ਸਿੰਘ ਤੇ ਪਾਰਵਤੀ ਸਿੰਘ ਨੇ ਵੀ ਸੰਬੋਧਨ ਕੀਤਾ।