ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਅੱਜ ਆਮ ਆਦਮੀ ਪਾਰਟੀ ਦੇ 10 ਸੀਨੀਅਰ ਆਗੂਆਂ ਸਮੇਤ ਸੈਂਕੜੇ ਵਰਕਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਗੂਆਂ ਤੇ ਵਰਕਰਾਂ ਦਾ ‘ਆਪ’ ਤੋਂ ਮੋਹ ਭੰਗ ਹੋ ਗਿਆ ਹੈ।
ਸੂਬਾ ਦਫ਼ਤਰ ਵਿੱਚ ਕਰਵਾਏ ਇੱਕ ਵਿਸ਼ੇਸ਼ ਸਮਾਗਮ ਵਿੱਚ ਸ੍ਰੀ ਗੁਪਤਾ ਨੇ ‘ਆਪ’ ਦੇ ਸਣੇ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨੂੰ ਪਟਕਾ ਪਾ ਕੇ ਭਾਜਪਾ ਵਿੱਚ ਸ਼ਾਮਲ ਕੀਤਾ। ਇਸ ਮੌਕੇ ਸੂਬਾ ਜਨਰਲ ਸਕੱਤਰ ਦਿਨੇਸ਼ ਪ੍ਰਤਾਪ ਸਿੰਘ, ਸੂਬਾ ਮੰਤਰੀ ਨੀਰਜ ਤਿਵਾੜੀ ਆਦਿ ਹਾਜ਼ਰ ਸਨ। ਆਮ ਆਦਮੀ ਪਾਰਟੀ ਦੇ ਪੂਰਬੀ ਦਿੱਲੀ ਲੋਕ ਸਭਾ ਇੰਚਾਰਜ ਚੰਦਰਕੇਤੂ ਮਿਸ਼ਰਾ ਦੀ ਅਗਵਾਈ ਵਿੱਚ ‘ਆਪ’ ਆਗੂ ਭਾਜਪਾ ਵਿੱਚ ਸ਼ਾਮਲ ਹੋਏ। ਸ੍ਰੀ ਆਦੇਸ਼ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਕਿਸੇ ਵੀ ‘ਆਪ’ ਆਗੂ ਕੋਲ ਆਬਕਾਰੀ ਨੀਤੀ ਦਾ ਜਵਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਕੋਈ ਵੀ ਆਗੂ ਇਹ ਦੱਸਣ ਲਈ ਤਿਆਰ ਨਹੀਂ ਹੈ ਕਿ ਉਨ੍ਹਾਂ ਨੇ ਆਪਣੀ ਚੰਗੀ ਸ਼ਰਾਬ ਨੀਤੀ ਵਾਪਸ ਕਿਉਂ ਲਈ ਅਤੇ ਸ਼ਰਾਬ ਮਾਫੀਆ ਦਾ ਕਮਿਸ਼ਨ 2 ਫ਼ੀਸਦੀ ਤੋਂ ਵਧਾ ਕੇ 12 ਫ਼ੀਸਦੀ ਕਿਉਂ ਕੀਤਾ। ਉਨ੍ਹਾਂ ਕੋਲ ਇਸ ਗੱਲ ਦਾ ਵੀ ਜਵਾਬ ਨਹੀਂ ਹੈ ਕਿ ਧਾਰਮਿਕ ਸਥਾਨਾਂ ਅਤੇ ਸਕੂਲਾਂ ਦੇ ਨੇੜੇ ਸ਼ਰਾਬ ਦੀਆਂ ਦੁਕਾਨਾਂ ਕਿਉਂ ਖੋਲ੍ਹੀਆਂ ਗਈਆਂ ਅਤੇ ਡਰਾਈ ਡੇਅ 21 ਤੋਂ ਘਟਾ ਕੇ 3 ਦਿਨ ਕਿਉਂ ਕਰ ਦਿੱਤਾ ਗਿਆ। ਆਦੇਸ਼ ਗੁਪਤਾ ਨੇ ਕਿਹਾ ਕਿ ਜਿਸ ਤਰ੍ਹਾਂ ‘ਆਪ’ ਸਰਕਾਰ ਨੇ ਹਰ ਖੇਤਰ ’ਚ ਭ੍ਰਿਸ਼ਟਾਚਾਰ ਦੇ ਰਿਕਾਰਡ ਬਣਾਏ ਹਨ। ਉਸ ਤੋਂ ਪ੍ਰੇਸ਼ਾਨ ‘ਆਪ’ ਵਰਕਰਾਂ ਦਾ ਮੋਹ ਭੰਗ ਹੋ ਗਿਆ ਅਤੇ ਅੱਜ ਉਹ ਭਾਜਪਾ ’ਚ ਸ਼ਾਮਲ ਹੋ ਰਹੇ ਹਨ। ਦਿੱਲੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਸਿਰਫ਼ ਦਿੱਲੀ ਦੇ ਖ਼ਜ਼ਾਨੇ ਨੂੰ ਲੁੱਟਣ ਵਿੱਚ ਲੱਗੀ ਹੋਈ ਹੈ। ‘ਆਪ’ ਦੇ ਪੂਰਬੀ ਦਿੱਲੀ ਲੋਕ ਸਭਾ ਇੰਚਾਰਜ ਚੰਦਰ ਕੇਤੂ ਮਿਸ਼ਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿੱਚ ਪੂਰੀ ਤਰ੍ਹਾਂ ਡੁੱਬੀ ਹੋਈ ਹੈ ਅਤੇ ਇਸ ਵਿੱਚ ਜਿੰਨੇ ਵੀ ਲੋਕ ਹਨ, ਉਸ ਦਾ ਜਨਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।