ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਅਕਤੂਬਰ
ਆਮ ਆਦਮੀ ਪਾਰਟੀ ਨੇ ਦਿੱਲੀ ਨਗਰ ਨਿਗਮ (ਐਮਸੀਡੀ) ਦੇ ਕੂੜਾ ਪ੍ਰਬੰਧਨ ਖਿਲਾਫ ਕੌਮੀ ਰਾਜਧਾਨੀ ਦੇ ਕਈ ਹਲਕਿਆਂ ਵਿੱਚ ਅੱਜ ਵਿਰੋਧ ਪ੍ਰਦਰਸ਼ਨ ਕੀਤਾ। ਪਾਰਟੀ ਦੇ ਆਗੂ ਅਤੇ ਵਰਕਰ ਆਪਣੇ ਹਲਕਿਆਂ ਵਿੱਚ ਤਖ਼ਤੀਆਂ ਲੈ ਕੇ ਇਕੱਠੇ ਹੋਏ ਤੇ ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਤਿਲਕ ਨਗਰ ਇਲਾਕੇ ਵਿੱਚ ਕੂੜੇ ਦੇ ਢੇਰ ਕੋਲ ਰੋਸ ਪ੍ਰਦਰਸ਼ਨ ਕਰਦਿਆਂ ਤਿਲਕ ਨਗਰ ਦੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚੋਂ ਕੂੜੇ ਦੇ ਪਹਾੜਾਂ ਨੂੰ ਹਟਾਉਣ ਲਈ ਭਾਜਪਾ ਨੂੰ ਐਮਸੀਡੀ ਤੋਂ ਹਟਾਉਣ ਦੀ ਲੋੜ ਹੈ। ਵਿਧਾਇਕ ਨੇ ਕਿਹਾ ਇੱਕ ਪਾਸੇ ਭਾਜਪਾ ਦਿੱਲੀ ਭਰ ਵਿੱਚ ਕੂੜੇ ਦੇ ਢੇਰ ਲਾ ਰਹੀ ਹੈ ਅਤੇ ਉਪ ਰਾਜਪਾਲ ਨੇ ਲੋਕ ਹਿੱਤ ਦੀਆਂ ਯੋਜਨਾਵਾਂ ਨੂੰ ਬੰਦ ਕਰ ਦਿੱਤਾ ਹੈ, ਦੂਜੇ ਪਾਸੇ ਅਰਵਿੰਦ ਕੇਜਰੀਵਾਲ ਸਰਕਾਰ ਦਿੱਲੀ ਦੇ ਵਾਤਾਵਰਣ ਨੂੰ ਬਿਹਤਰ, ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਇਹ ਪ੍ਰਦੂਸ਼ਣ ਵਿਰੁੱਧ ਲੜਾਈ ਹੈ। ਗੋਵਿੰਦਪੁਰੀ ਮੈਟਰੋ ਸਟੇਸ਼ਨ ਨੇੜੇ ਪ੍ਰਦਰਸ਼ਨ ਕਰਦੇ ਹੋਏ, ਕਾਲਕਾਜੀ ਦੀ ਵਿਧਾਇਕਾ ਆਤਿਸ਼ੀ ਨੇ ਦੋਸ਼ ਲਾਇਆ ਕਿ ਐਮਸੀਡੀ ਨੇ ਪੂਰੇ ਸ਼ਹਿਰ ਨੂੰ ਡੰਪਿੰਗ ਗਰਾਊਂਡ ਵਿੱਚ ਬਦਲ ਦਿੱਤਾ ਹੈ ਤੇ ਭਾਜਪਾ ਦੀ 16 ਹੋਰ ਲੈਂਡਫਿਲ ਸਾਈਟਾਂ ਲਿਆਉਣ ਦੀ ਤਿਆਰੀ ਹੈ। ਆਤਿਸ਼ੀ ਨੇ ਦੋਸ਼ ਲਾਇਆ ਕਿ ਭਾਜਪਾ ਨੇ ਕਾਲਕਾਜੀ ਦੇ ਮੁੱਖ ਪ੍ਰਵੇਸ਼ ਦੁਆਰ ’ਤੇ ਕੂੜੇ ਦਾ ਪਹਾੜ ਬਣਾ ਦਿੱਤਾ ਹੈ। ਇਹ ਸਥਾਨ ਜਲਦੀ ਹੀ ਲੈਂਡਫਿਲ ਸਾਈਟ ਵਿੱਚ ਬਦਲਣਾ ਸ਼ੁਰੂ ਹੋ ਜਾਵੇਗਾ। ਇੱਥੋਂ ਤੱਕ ਕਿ ਕਾਲਕਾਜੀ ਵਾਸੀ ਵੀ ਐਮਸੀਡੀ ਤੋਂ ਨਾਖੁਸ਼ ਹਨ। ਭਾਜਪਾ ਦੀ ਅਗਵਾਈ ਵਾਲੀ ਐਮਸੀਡੀ ਨੇ ਪੂਰੀ ਦਿੱਲੀ ਨੂੰ ਕੂੜੇ ਦੇ ਢੇਰਾਂ ਵਿੱਚ ਬਦਲ ਦਿੱਤਾ ਹੈ। ਵਿਕਾਸ ਪੁਰੀ ਦੇ ਵਿਧਾਇਕ ਮਹਿੰਦਰ ਯਾਦਵ ਅਤੇ ਕੌਂਡਲੀ ਦੇ ਵਿਧਾਇਕ ਕੁਲਦੀਪ ਕੁਮਾਰ ਵੀ ਆਪਣੇ ਹਲਕਿਆਂ ਵਿੱਚ ਧਰਨੇ ਵਿੱਚ ਸ਼ਾਮਲ ਹੋਏ।