ਪੱਤਰ ਪ੍ਰੇਰਕ
ਨਵੀਂ ਦਿੱਲੀ: 12 ਦਸੰਬਰ
ਆਮ ਆਦਮੀ ਪਾਰਟੀ ਦੇ ਵਿਧਾਇਕ ਦਲੀਪ ਪਾਂਡੇ ਨੇ ਕਿਹਾ ਕਿ ਤਨਖ਼ਾਹ ਨਾ ਮਿਲਣ ਵਿਰੁੱਧ ਨਿਗਮ ਦੇ ਸਾਰੇ ਕਰਮਚਾਰੀ ਭਲਕੇ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾ ਰਹੇ ਹਨ। ਕੱਲ੍ਹ ਤੋਂ ਸਫ਼ਾਈ ਕਰਮਚਾਰੀ, ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ਼ ਤੇ ਬਾਗਬਾਨੀ ਸਟਾਫ਼ ਸਾਰੇ ਅਧਿਆਪਕਾਂ ਲਈ ਆਵਾਜ਼ ਬੁਲੰਦ ਕਰਨਗੇ। ਪਿਛਲੇ 14 ਦਿਨਾਂ ਤੋਂ ਨਿਗਮ ਸਕੂਲਾਂ ਦੇ ਅਧਿਆਪਕ ਹੜਤਾਲ ’ਤੇ ਹਨ ਪਰ ਭਾਜਪਾ ਦਾ ਕੋਈ ਵੀ ਆਗੂ ਉਨ੍ਹਾਂ ਨੂੰ ਮਿਲਣ ਨਹੀਂ ਗਿਆ। ਉਨ੍ਹਾਂ ਕਿਹਾ ਕਿ ਨਿਗਮ ਦੀਆਂ ਸਾਰੀਆਂ ਜਾਇਦਾਦਾਂ ਵੇਚਣ ਤੋਂ ਬਾਅਦ ਵੀ ਭਾਜਪਾ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਦੇ ਰਹੀ। ਅਧਿਆਪਕਾਂ ਦੀ 70 ਫ਼ੀਸਦ ਤਨਖਾਹ ਦਿੱਲੀ ਸਰਕਾਰ ਦਿੰਦੀ ਹੈ ਤੇ ਐੱਮਸੀਡੀ ਨੇ ਸਿਰਫ 30 ਫ਼ੀਸਦ ਤਨਖਾਹ ਦੇਣੀ ਹੈ। ਇਸ ਦੇ ਬਾਵਜੂਦ ਭਾਜਪਾ ਸ਼ਾਸਿਤ ਐੱਮਸੀਡੀ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਦੇ ਰਹੀ।
ਆਮ ਆਦਮੀ ਪਾਰਟੀ ਦੇ ਬੁਲਾਰੇ, ਵਿਧਾਇਕ ਅਤੇ ਵਿਧਾਨ ਸਭਾ ਵਿੱਚ ਚੀਫ਼ ਵ੍ਹਿਪ ਦਲੀਪ ਪਾਂਡੇ ਐਤਵਾਰ ਨੂੰ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਦਲੀਪ ਪਾਂਡੇ ਨੇ ਕਿਹਾ ਕਿ ਪਿਛਲੇ 5-7 ਸਾਲਾਂ ਤੋਂ ਨਿਗਮ ਵਿੱਚ ਭ੍ਰਿਸ਼ਟਾਚਾਰ ਤੋਂ ਇਲਾਵਾ ਇੱਕ ਗੱਲ ਬਰਕਰਾਰ ਹੈ ਅਤੇ ਉਹ ਹੈ ਮੁਲਾਜ਼ਮਾਂ ਦੀ ਹੜਤਾਲ। 2018 ਵਿੱਚ ਵੀ ਮੁਲਾਜ਼ਮਾਂ ਨੇ ਤਨਖਾਹ ਨਾ ਮਿਲਣ ਕਾਰਨ ਹੜਤਾਲ ਕੀਤੀ ਸੀ। ਇੱਕ ਵਾਰ ਫਿਰ ਭਾਜਪਾ ਸ਼ਾਸ਼ਤ ਨਿਗਮ ਦੇ ਕਰਮਚਾਰੀ ਹੜਤਾਲ ’ਤੇ ਜਾ ਰਹੇ ਹਨ। ਨਿਗਮ ਦੇ 720 ਸਕੂਲਾਂ ਦੇ 7000 ਤੋਂ ਵੱਧ ਅਧਿਆਪਕ ਆਨਲਾਈਨ ਕਲਾਸਾਂ ਛੱਡ ਕੇ ਤਨਖਾਹਾਂ ਲਈ ਸੜਕਾਂ ’ਤੇ ਆ ਗਏ ਹਨ।