ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਮਾਰਚ
ਦਿੱਲੀ ਨਗਰ ਨਿਗਮ ਚੋਣਾਂ-2022 ਟਾਲੇ ਜਾਣ ਖ਼ਿਲਾਫ਼ ‘ਆਪ’ ਵੱਲੋਂ ਅੱਜ ਭਾਜਪਾ ਦੇ ਕੌਮੀ ਹੈੱਡਕੁਆਰਟਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਪੁਲੀਸ ਨਾਲ ਹਲਕਾ ਵਰਕਰਾਂ ਨਾਲ ਟਕਰਾਅ ਵੀ ਹੋਇਆ। ਦੀਨ ਦਿਆਲ ਉਪਾਧਿਆਏ ਮਾਰਗ ਉਪਰ ਇਸ ਹੈੱਡਕੁਆਰਟਰ ਕੋਲ ਦਿੱਲੀ ਪੁਲੀਸ ਨੇ ਅੱਜ ਨਾਕੇਬੰਦੀ ਸਖ਼ਤ ਕਰ ਦਿੱਤੀ ਸੀ ਤੇ ‘ਆਪ’ ਦੇ ਕੌਮੀ ਹੈਡਕੁਆਰਟਰ ਤੋਂ ਕੁੱਝ ਦੂਰੀ ਉਪਰ ਹੀ ਰੋਕਾਂ ਲਾ ਦਿੱਤੀਆਂ ਸਨ। ਇਸ ਪ੍ਰਦਰਸ਼ਨ ਕਾਰਨ ਆਈਟੀਓ ਸਮੇਤ ਕਨਾਟ ਪਲੈਸ ਦੇ ਕੁੱਝ ਹਿੱਸਿਆਂ ਵਿੱਚ ਆਵਾਜਾਈ ਵਿੱਚ ਕਾਫ਼ੀ ਵਿਘਨ ਪਿਆ।‘ਆਪ’ ਦੇ ਵਰਕਰ ਹੁਣ ਹੌਸਲੇ ਵਿੱਚ ਜਾਪਦੇ ਹਨ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਨੂੰ ਵੱਡਾ ਬਹੁਮਤ ਮਿਲਿਆ ਹੈ। ਪਾਰਟੀ ਆਗੂਆਂ ਨੂੰ ਨਿਗਮ ਚੋਣਾਂ ਵਿੱਚ ‘ਆਪ’ ਨੂੰ ਸਥਾਪਤੀ ਵਿਰੋਧੀ ਵੋਟਾਂ ਮਿਲਣ ਦੀ ਵੱਡੀ ਆਸ ਹੈ ਕਿਉਂਕਿ 15 ਸਾਲਾਂ ਤੋਂ ਨਗਰ ਨਿਗਮ ਉਪਰ ਭਾਜਪਾ ਕਾਬਜ਼ ਰਹੀ ਹੈ। ‘ਆਪ’ ਆਗੂ ਦੁਰਗੇਸ਼ ਪਾਠਕ ਨੇ ਕਿਹਾ ਕਿ ਭਾਜਪਾ ਨੂੰ ਨਿਗਮ ਚੋਣਾਂ ਦਾ ਡਰ ਸਤਾ ਰਿਹਾ ਹੈ। ਇਸੇ ਕਰਕੇ ਚੋਣ ਕਮਿਸ਼ਨ ਉਪਰ ਕਥਿਤ ਦਬਾਅ ਪਾ ਕੇ ਐਨ ਆਖ਼ਰੀ ਵਕਤ ਚੋਣਾਂ ਦਾ ਐਲਾਨ ਕਰਨੋਂ ਰੁਕਵਾ ਦਿੱਤਾ ਗਿਆ। ‘ਆਪ’ ਆਗੂਆਂ ਨੇ ਕਿਹਾ ਕਿ ਇਹ ਤਿੰਨਾਂ ਨਗਰ ਨਿਗਮਾਂ ਦੇ ਮੁੜ ਇੱਕ ਕਰਨ ਦੇ ਨਾਂ ਹੇਠ ਭਾਜਪਾ ਨੇ ਚੋਣਾਂ ਟਾਲਣ ਦਾ ਫ਼ੈਸਲਾ ਕਰਵਾਇਆ ਤੇ ਇਹ ਲੋਕਤੰਤਰ ਲਈ ਘਾਤਕ ਹੋ ਸਕਦਾ ਹੈ। ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ‘ਆਪ’ ਕਾਰਕੁਨਾਂ ਨੇ ਰੋਸ ਪ੍ਰਦਰਸ਼ਨ ਵਿੱਚ ਸ਼ਿਰਕਤ ਕੀਤੀ ਤੇ ਬਹੁਤੇ ਆਗੂ ਤੇ ਉਨ੍ਹਾਂ ਦੇ ਸਮਰਥਕ ਉਹ ਲੋਕ ਸਨ ਜੋ ਨਿਗਮ ਚੋਣਾਂ ਦੌਰਾਨ ਪਾਰਟੀ ਦੀ ਟਿਕਟ ਦੇ ਚਾਹਵਾਨ, ਦਾਅਵੇਦਾਰ ਹਨ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਇ ਨੇ ਕਿਹਾ ਕਿ ਜੇ ਭਾਜਪਾ ਨੂੰ ਡਰ ਨਹੀਂ ਤਾਂ ਉਹ ਹਫ਼ਤੇ ਤੱਕ ਚੋਣਾਂ ਦਾ ਐਲਾਨ ਕਰਵਾਏ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇਤਿਹਾਸਕ ਜਿੱਤ ਤੋਂ ਬਾਅਦ ਕਿਸੇ ਨੂੰ ਇਹ ਉਮੀਦ ਨਹੀਂ ਸੀ ਕਿ ਦਿੱਲੀ ਨਿਗਮ ਦੀਆ ਚੋਣਾਂ ਦੇ ਐਲਾਨ ਕਰਵਾਉਣ ਲਈ ਵੀ ਸੜਕਾਂ ਉਪਰ ਉੱਤਰਨਾ ਪਵੇਗਾ। ਪੰਕਜ ਗੁਪਤਾ ਨੇ ਕਿਹਾ ਕਿ ਭਾਜਪਾ ਵੱਲੋਂ ਚੋਣਾਂ ਟਾਲਣ ਦੀਆਂ ਜਿੰਨੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾਣ ਆਖ਼ਰ ਭਾਜਪਾ ਲਈ ਨਤੀਜੇ ਸੁਖਦ ਨਹੀਂ ਰਹਿਣਗੇ। ਵਿਧਾਇਕਾ ਆਤਿਸ਼ੀ ਨੇ ਕਿਹਾ ਕਿ ਭਾਜਪਾ ਨੂੰ ਡਰ ਸਤਾ ਰਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀਆਂ 70 ਵਿਧਾਨ ਸਭਾ ਚੋਣਾਂ ਵਿੱਚੋਂ 62 ਤੇ ਪੰਜਾਬ ਦੀਆਂ 117 ਵਿੱਚੋਂ 92 ਸੀਟਾਂ ਆਉਣ ਕਰਕੇ ਨਿਗਮ ਚੋਣਾਂ ਵਿੱਚ ਵੀ ਝਾੜੂ ਹੂੰਝਾ ਫੇੇਰੇਗਾ।