ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਫਰਵਰੀ
ਇਥੇ ਸਵਰਾਜ ਇੰਡੀਆ ਨੇ ਸੂਬਾ ਪ੍ਰਧਾਨ ਨਵਨੀਤ ਤਿਵਾੜੀ ਦੀ ਅਗਵਾਈ ਹੇਠ ਬੁਰਾੜੀ ਦੇ ਕਾਦੀਪੁਰ ਵਾਰਡ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਰੋਸ ਮਾਰਚ ਕੱਢਿਆ ਅਤੇ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਕੇਜਰੀਵਾਲ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਵਿਧਾਨ ਸਭਾ ਦੇ ਵਿਨੋਦ ਨਗਰ ਵਾਰਡ ਵਿੱਚ ‘ਆਪ’ ਕੌਂਸਲਰ ਗੀਤਾ ਰਾਵਤ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸਵਰਾਜ ਇੰਡੀਆ ਦੇ ਸੂਬਾ ਪ੍ਰਧਾਨ ਨਵਨੀਤ ਤਿਵਾੜੀ ਨੇ ਕਿਹਾ,‘‘ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਖੜ੍ਹੀ ਆਮ ਆਦਮੀ ਪਾਰਟੀ ਅੱਜ ਭ੍ਰਿਸ਼ਟਾਚਾਰ ਦੇ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ, ਆਮ ਆਦਮੀ ਪਾਰਟੀ ਨੇ ਰਿਸ਼ਵਤਖੋਰੀ ਦੇ ਨਵੇਂ-ਨਵੇਂ ਤਰੀਕੇ ਬਣਾਏ ਹਨ। ‘ਆਪ’ ਦੇ ਵਿਧਾਇਕ ਕੌਂਸਲਰ ਨਾਜਾਇਜ਼ ਤੌਰ ’ਤੇ ਧੱਕੇਸ਼ਾਹੀ ਕਰ ਰਹੇ ਹਨ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਖ਼ਿਲਾਫ਼ ਕਈ ਵਾਰ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਚੁੱਕੀ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਇਮਾਨਦਾਰੀ ਸਿਰਫ ਇਸ਼ਤਿਹਾਰਾਂ ਵਿੱਚ ਦਿਖਾਉਣ ਲਈ ਹੈ, ਅੱਜ ਦਿੱਲੀ ਵਿੱਚ ਜ਼ਮੀਨੀ ਪੱਧਰ ’ਤੇ ਭ੍ਰਿਸ਼ਟਾਚਾਰ ਬਹੁਤ ਵੱਡੇ ਪੱਧਰ ’ਤੇ ਪਹੁੰਚ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਇਸ ’ਤੇ ਚੁੱਪ ਧਾਰ ਲਈ ਹੈ।