ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਜੁਲਾਈ
ਆਮ ਆਦਮੀ ਪਾਰਟੀ ਨੇ ਰੋਹਤਾਸ਼ ਨਗਰ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਸ਼ਾਸ਼ਿਤ ਐੱਮਸੀਡੀ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਵੱਧ ਰਹੀ ਮਹਿੰਗਾਈ ਵਿਰੁੱਧ ਪ੍ਰਦਰਸ਼ਨ ਕੀਤਾ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਦੇ ਇਸ਼ਾਰੇ ’ਤੇ ਦਿੱਲੀ ਪੁਲੀਸ ਨੇ ਦਿੱਲੀ ਸਟੇਟ ਮਹਿਲਾ ਵਿੰਗ ਇੰਚਾਰਜ ਸਰਿਤਾ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਪਾਰਟੀ ਦੀ ਆਵਾਜ਼ ਨੂੰ ਦਬਾਉਣ ਦੀ ਤਾਨਾਸ਼ਾਹੀ ਕੋਸ਼ਿਸ਼ ਕੀਤੀ ਹੈ।
ਆਮ ਆਦਮੀ ਪਾਰਟੀ ਦਾ ਉਦੇਸ਼ ਭਾਜਪਾ ਦੇ ਅਸਲ ਭ੍ਰਿਸ਼ਟ ਚਿਹਰੇ ਨੂੰ ਦਿੱਲੀ ਦੇ ਹਰ ਇਕ ਵਿਅਕਤੀ ਦੇ ਸਾਹਮਣੇ ਲਿਆਉਣਾ ਹੈ। ਹੁਣ ਦਿੱਲੀ ਦੇ ਲੋਕ ਵੀ ਐੱਮਸੀਡੀ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਕੇ ਐੱਮਸੀਡੀ ਨੂੰ ‘ਆਪ’ ਦੇ ਹਵਾਲੇ ਕਰਨਾ ਚਾਹੁੰਦੇ ਹਨ।
ਰੋਹਤਾਸ਼ ਨਗਰ ਵਿਧਾਨ ਸਭਾ ਵਿੱਚ ਪਾਰਟੀ ਵਰਕਰ ਅੱਜ ਰੋਹਤਾਸ਼ ਨਗਰ ਮਾਰਕੀਟ, ਕਾਬੁਲ ਨਗਰ, ਮਾਨਸਰੋਵਰ ਪਾਰਕ, ਰਾਮ ਨਗਰ, ਮੰਡੋਲੀ ਰੋਡ, ਨੰਦ ਨਗਰੀ ਤੋਂ ਹੁੰਦੇ ਹੋਈ ਅਸ਼ੋਕ ਨਗਰ ਤੱਕ ਪੁੱਜੇ ਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨ ਖਤਮ ਕੀਤਾ। ਉਨ੍ਹਾ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਅਧੀਨ ਕੰਮ ਕਰ ਰਹੀ ਦਿੱਲੀ ਪੁਲੀਸ ਨੇ ਸਾਬਕਾ ਵਿਧਾਇਕ ਤੇ ਦਿੱਲੀ ਸਟੇਟ ਵਿੰਗ ਇੰਚਾਰਜ ਸਰਿਤਾ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਪਾਰਟੀ ਦੇ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੀ ਤਾਨਾਸ਼ਾਹੀ ਕੋਸ਼ਿਸ਼ ਕੀਤੀ ਹੈ।
ਇਸ਼ਤਿਹਾਰੀ ਖਰਚਿਆਂ ਸਬੰਧੀ ‘ਆਪ’ ਤੇ ਭਾਜਪਾ ਵਿਚਾਲੇ ਸ਼ਬਦੀ ਜੰਗ
ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੇ ਅਮਿਤ ਮਾਲਵੀਆ ਵੱਲੋਂ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਲਗਾਏ ਇਸ਼ਤਿਹਾਰਬਾਜ਼ੀ ਖਰਚਿਆਂ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ‘ਆਪ’ ਨੇ ਕਿਹਾ ਕਿ ਮਾਲਵੀਆ ਦੇ ਸਾਰੇ ਦਾਅਵੇ ਬੇਬੁਨਿਆਦ ਤੇ ਪੂਰੀ ਤਰ੍ਹਾਂ ਝੂਠੇ ਹਨ। ਮਾਲਵੀਆ ਨੇ ਇੱਕ ਆਰਟੀਆਈ ਜਵਾਬ ਭੇਜਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਸਰਕਾਰ ਉਦੋਂ ਇਸ਼ਤਿਹਾਰਾਂ ਉੱਤੇ ਪੈਸਾ ਖਰਚ ਕਰਦੀ ਰਹੀ, ਜਦੋਂ ਲੱਖਾਂ ਲੋਕ ਆਕਸੀਜਨ ਲੈਣ ਲਈ ਸੰਘਰਸ਼ ਕਰ ਰਹੇ ਸਨ। ਆਰਟੀਆਈ ਦੇ ਜਵਾਬ ਵਿੱਚ ਕਿਹਾ ਗਿਆ ਹੈ ਕਿ ‘ਆਪ’ ਵੱਲੋਂ ਅਪਰੈਲ ਤੋਂ ਜੂਨ 2021 ਦਰਮਿਆਨ 63.83 ਕਰੋੜ ਰੁਪਏ ਖਰਚ ਕੀਤੇ ਗਏ ਸਨ। ਇਹ ਉਹ ਸਮੇਂ ਸੀ ਜਦੋਂ ਦਿੱਲੀ ਕੋਵਿਡ-19 ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਨਾਲ ਜੂਝ ਰਹੀ ਸੀ। ‘ਆਪ’ ਦੇ ਸੂਤਰਾਂ ਨੇ ਹਾਲਾਂਕਿ ਦਾਅਵਾ ਕੀਤਾ ਕਿ ਇਹ ਸਾਰੇ ਬਕਾਇਆ ਭੁਗਤਾਨਾਂ ਦੀ ਮਨਜ਼ੂਰੀ ਹੈ, ਸਿਰਫ ਦੋ ਮਹੀਨਿਆਂ ਦੀ ਹੀ ਨਹੀਂ । ਇਸ ਮੁੱਦੇ ਨੂੰ ਲੈ ਕੇ ‘ਆਪ’ ਅਤੇ ਭਾਜਪਾ ਵਿਚਾਲੇ ਸ਼ਬਦੀ ਲੜਾਈ ਸ਼ੁਰੂ ਹੋ ਗਈ ਹੈ।