ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਸਤੰਬਰ
ਆਮ ਆਦਮੀ ਪਾਰਟੀ ਵੱਲੋਂ ਆਪਣੀ ਵੈੱਬਸਾਈਟ ‘ਹੈੱਕ’ ਹੋਣ ਦੇ ਪੱਜ ਲੋਕਾਂ ਦਾ ਧਿਆਨ ਖਿੱਚਿਆ ਗਿਆ ਪਰ ਪਾਰਟੀ ਵੱਲੋਂ ਇਹ ਨਾਟਕ ਦੇਸ਼ ਦੀ ਵਿਗੜੀ ਆਰਥਿਕ ਸਥਿਤੀ ਨੂੰ ਬਿਆਨ ਕਰਨ ਲਈ ਉੱਦੋਂ ਕੀਤਾ ਗਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਸ਼ਲ ਮੀਡੀਆ ਟਵਿੱਟਰ ਖਾਤੇ ਦੇ ਹੈੱਕ ਹੋਣ ਦਾ ਸ਼ੋਰ ਮੱਚਿਆ।
‘’ਆਪ’ ਵੱਲੋਂ ਆਪਣੀ ਅਧਿਕਾਰਤ ਸਾਈਟ ਉੱਪਰ ਲਾਲ ਅੱਖਰਾਂ ਨਾਲ ਅੰਗਰੇਜ਼ੀ ਵਿੱਚ ‘ਹੈੱਕਡ’ ਲਿਖਿਆ ਗਿਆ ਸੀ। ਦੇਖਣ ਵਾਲਿਆਂ ਨੂੰ ਪਹਿਲੀ ਨਜ਼ਰੇ ਸਾਈਟ ਹੈੱਕ ਕੀਤੇ ਜਾਣ ਦਾ ਭੁਲੇਖਾ ਪੈ ਗਿਆ ਸੀ ਪਰ ਹਕੀਕਤ ਕੁੱਝ ਹੋਰ ਸੀ ਦਰਅਸਲ ‘ਆਪ’ ਵੱਲੋਂ ਕੇਂਦਰ ਉਪਰ ਵਿਅੰਗ ਕੱਸਿਆ ਗਿਆ ਕਿ ਭਾਰਤ ਦੀ ਬੇਰੁਜ਼ਗਾਰੀ 45 ਸਾਲਾਂ ਦੌਰਾਨ ਸਭ ਤੋਂ ਉੱਚੀ ਦਰ ਤਕ ਪੁੱਜ ਗਈ ਹੈ। ਕੁੱਲ ਘਰੇਲੂ ਉਤਪਾਦਨ ਦੀ ਦਰ 40 ਸਾਲਾਂ ਦੌਰਾਨ ਸਭ ਤੋਂ ਹੇਠਲੀ ਪੌੜੀ ਜਾਣੀ 23.9 ਫ਼ੀਸਦੀ ਤਕ ਪਹੁੰਚ ਚੁੱਕੀ ਹੈ। ਕੋਵਿਡ-19 ਦੇ ਇਕ ਦਿਨ ਵਿੱਚ 83 ਹਜ਼ਾਰ ਮਾਮਲੇ ਆਏ ਜੋ ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਇਕ ਰੋਜ਼ਾ ਅੰਕੜਾ ਹੈ। ‘ਆਪ’ ਵੱਲੋਂ ਕੇਂਦਰ ਸਰਕਾਰ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹਣ ਲਈ ਇਹ ਵਿਅੰਗਮਈ ਤਰੀਕਾ ਨਵੀਂ ਪੀੜ੍ਹੀ ਜੋ ਸੋਸ਼ਲ ਮੀਡੀਆ ਉਪਰ ਜ਼ਿਆਦਾ ਸਰਗਰਮ ਰਹਿੰਦੀ ਹੈ ਤੱਕ ਆਪਣੀ ਗੱਲ ਟੇਢੇ ਤਰੀਕੇ ਨਾਲ ਕੀਤੀ ਗਈ।
ਹੋਰ ਵਿਰੋਧੀ ਪਾਰਟੀਆਂ ਵੱਲੋਂ ਵੀ ਕੇਂਦਰ ਸਰਕਾਰ ਦੇ ਆਰਥਿਕਤਾ ਦੇ ਮੁੱਦੇ ਉਪਰ ਨਾਕਾਮ ਸਾਬਤ ਹੋਣ ਦੇ ਦੋਸ਼ ਲਾਏ ਜਾ ਰਹੇ ਹਨ। ਮਹਿੰਗਾਈ ਤੇ ਕਰੋਨਾ ਖ਼ਿਲਾਫ਼ ਲੜਾਈ ਵਿੱਚ ਭਾਜਪਾ ਨੂੰ ਨਾਕਾਮ ਕਰਾਰ ਦੇਣ ਲਈ ਵਿਰੋਧੀ ਜ਼ੋਰ ਲਾ ਰਹੇ ਹਨ।