ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੁਲਾਈ
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਖਿਲੇਸ਼ ਤ੍ਰਿਪਾਠੀ ’ਤੇ ਪੁਲੀਸ ਵੱਲੋਂ ਦੋ ਵਿਅਕਤੀਆਂ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ‘ਆਪ’ ਆਗੂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਡਲ ਟਾਊਨ ਹਲਕੇ ਤੋਂ ਅਖਿਲੇਸ਼ ਤ੍ਰਿਪਾਠੀ ਨੇ ਕਥਿਤ ਤੌਰ ’ਤੇ ਕੱਲ੍ਹ ਦੋ ਵਿਅਕਤੀਆਂ ਨਾਲ ਕੁੱਟਮਾਰ ਕੀਤੀ ਸੀ। ਇਸ ਦੌਰਾਨ ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਕੁੱਟਮਾਰ ਮਗਰੋਂ ਹਸਪਤਾਲ ਦਾਖ਼ਲ ਦੋਵਾਂ ਜਣਿਆਂ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਤਾਂ ‘ਆਪ’ ਵਿਧਾਇਕ ਉੱਥੇ ਮੌਜੂਦ ਸੀ।
ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਹੈ ਕਿ ਮਾਡਲ ਟਾਊਨ ਵਿਧਾਨ ਸਭਾ ਹਲਕੇ ਦੇ ਇੱਕ ਨਾਗਰਿਕ ਵੱਲੋਂ ਵਿਧਾਇਕ ’ਤੇ ਇਲਾਕੇ ਦੀ ਵਿਗੜ ਰਹੀ ਸੀਵਰੇਜ ਪ੍ਰਣਾਲੀ ਦੀ ਸ਼ਿਕਾਇਤ ਕੀਤੀ ਗਈ ਤਾਂ ਵਿਧਾਇਕ ਵੱਲੋਂ ਉਨ੍ਹਾਂ ’ਤੇ ਹਮਲਾ ਕਰਨ ਦਾ ਦੋਸ਼ ਹੈਰਾਨ ਕਰਨ ਵਾਲਾ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਚਿਹਰਾ ਬੇਪਰਦ ਕਰ ਦਿੱਤਾ ਹੈ। ਵਿਧਾਇਕ ਵਿਰੁੱਧ ਅਦਾਲਤੀ ਕਾਰਵਾਈ ਦੇ ਨਾਲ-ਨਾਲ ਆਮ ਆਦਮੀ ਪਾਰਟੀ ਵੱਲੋਂ ਅਨੁਸ਼ਾਸਨੀ ਕਾਰਵਾਈ ਵੀ ਜ਼ਰੂਰੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਨੂੰ ਪਾਰਟੀ ’ਚੋਂ ਕੱਢ ਦੇਣਾ ਚਾਹੀਦਾ ਹੈ। ਦਿੱਲੀ ਭਾਜਪਾ ਦੇ ਬੁਲਾਰੇ ਨੇ ਕਿਹਾ ਹੈ ਉਨ੍ਹਾਂ ’ਤੇ 2015 ਵਿੱਚ ਵੀ ਅਜਿਹੇ ਦੋਸ਼ ਲੱਗ ਚੁੱਕੇ ਹਨ।
ਪੁਲੀਸ ਨੇ ਜਾਣਕਾਰੀ ਦਿੱਤੀ ਕਿ ਅਸ਼ੋਕ ਵਿਹਾਰ ਪੁਲੀਸ ਸਟੇਸ਼ਨ ਨੂੰ ਬੁੱਧਵਾਰ ਸ਼ਾਮ ਕਰੀਬ 4.30 ਵਜੇ ਹਮਲੇ ਬਾਰੇ ਪੀਸੀਆਰ ਕਾਲ ਮਿਲੀ ਸੀ। ਡੀਸੀਪੀ (ਉੱਤਰ ਪੱਛਮੀ) ਊਸ਼ਾ ਰੰਗਨਾਨੀ ਨੇ ਕਿਹਾ ਕਿਹਾ ਜਾਂਚ ਅਨੁਸਾਰ ਵਿਧਾਇਕ ਅਖਿਲੇਸ਼ ਤ੍ਰਿਪਾਠੀ ਨੇ ਗੁੱਡੂ ਹਲਵਾਈ ਅਤੇ ਮੁਕੇਸ਼ ਬਾਬੂ ’ਤੇ ਹਮਲਾ ਕੀਤਾ ਤੇ ਜ਼ਖ਼ਮੀ ਕਰ ਦਿੱਤਾ।