ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਪਰੈਲ
‘ਆਪ’ ਨੇ ਭਾਜਪਾ ਖ਼ਿਲਾਫ਼ ਅੱਜ ਦਿੱਲੀ ਦੇ ਸਾਰੇ 272 ਵਾਰਡਾਂ ਵਿੱਚ ਪੈਦਲ ਯਾਤਰਾ ਕੱਢੀ। ‘ਆਪ’ ਦਾ ਕਹਿਣਾ ਹੈ ਕਿ ਭਾਜਪਾ ਵਿਰੁੱਧ ਪਾਰਟੀ ਤੇ ਦਿੱਲੀ ਵਾਸੀ ਇਕੱਠੇ ਲੜਨਗੇ। ‘ਆਪ’ ਵਿਧਾਇਕ ਆਤਿਸ਼ੀ ਨੇ ਕਿਹਾ ਕਿ ਅਸੀਂ ਦਿੱਲੀ ਵਾਸੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਕੋਈ ਤੁਹਾਨੂੰ ਪ੍ਰੇਸ਼ਾਨ ਕਰਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੁਹਾਡੇ ਨਾਲ ਹੈ। ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਭਾਜਪਾ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦਿੱਲੀ ਦੇ ਸਾਰੇ ਵਾਰਡਾਂ ਵਿੱਚ ਪੈਦਲ ਯਾਤਰਾ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ। ਵਰਕਰਾਂ ਦਾ ਕਹਿਣਾ ਹੈ ਕਿ ਭਾਜਪਾ ਲਗਾਤਾਰ ਧਮਕੀਆਂ ਦੇ ਰਹੀ ਹੈ ਕਿ ਜੇਕਰ ਲੋਕਾਂ ਨੇ ਪੈਸੇ ਨਾ ਦਿੱਤੇ ਤਾਂ ਉਹ ਘਰ ਢਾਹ ਦੇਣਗੇ। ਇਸ ਦੇ ਮੱਦੇਨਜ਼ਰ ਭਾਜਪਾ ਵਿਰੁੱਧ ਲੜਾਈ ਲੜਨ ਲਈ ਲੋਕਾਂ ਨੂੰ ਇਕੱਠਾ ਕੀਤਾ ਗਿਆ ਹੈ। ਵਰਕਰਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਆਪਣੀ ਬੁਲਡੋਜ਼ਰ ਰਾਜਨੀਤੀ ਨਾਲ ਦਿੱਲੀ ਦੇ ਲੋਕਾਂ ਨੂੰ ਡਰਾ ਰਹੀ ਹੈ। ਇਸ ਲਈ ਅੱਜ ਆਮ ਆਦਮੀ ਪਾਰਟੀ ਭਾਜਪਾ ਦੀ ਰਾਜਨੀਤੀ ਖ਼ਿਲਾਫ਼ ਦਿੱਲੀ ਭਰ ਦੇ ਵੱਖ-ਵੱਖ ਵਾਰਡਾਂ ਵਿੱਚ ਪੈਦਲ ਯਾਤਰਾ ਕੱਢ ਰਹੀ ਹੈ।