ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਕਤੂਬਰ
ਉਪ ਰਾਜਪਾਲ ਦਫਤਰ ਦੇ ਸੂਤਰਾਂ ਨੇ ਅੱਜ ਦਾਅਵਾ ਕੀਤਾ ਕਿ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ‘ਰੈੱਡ ਲਾਈਟ ਆਨ, ਗੱਡੀ ਆਫ’ ਮੁਹਿੰਮ ਦੀ ਸ਼ੁਰੂਆਤ ਦੀ ਤਰੀਕ ਬਾਰੇ ਸੱਚ ਨਹੀਂ ਬੋਲਿਆ। ‘ਆਪ’ ਨੇ ਅਜਿਹਾ ਐਲ-ਜੀ ਨੂੰ ਮਜਬੂਰ ਕਰਨ ਲਈ ਕੀਤਾ।‘ਆਪ’ ਸਰਕਾਰ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਮੁਹਿੰਮ ਸ਼ੁਰੂ ਨਹੀਂ ਕਰ ਰਹੀ ਕਿਉਂਕਿ ਐਲ-ਜੀ ਦਫਤਰ ਨੇ ਅਜੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਏ ਨੇ ਦਾਅਵਾ ਕੀਤਾ ਸੀ ਕਿ ਮੁਹਿੰਮ ਦੀ ਮਹੱਤਵਪੂਰਨ ਫਾਈਲ 21 ਅਕਤੂਬਰ ਨੂੰ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਭੇਜੀ ਗਈ ਸੀ। ਐਲ-ਜੀ ਦਫਤਰ ਦੇ ਸੂਤਰਾਂ ਨੇ ਕਿਹਾ ਕਿ ਸਕਸੈਨਾ ਵੀਰਵਾਰ ਨੂੰ ਪਹਿਲਾਂ ਦੇ ਪ੍ਰੋਗਰਾਮ ਅਨੁਸਾਰ ਦਫਤਰ ਤੋਂ ਬਾਹਰ ਸੀ। ‘ਆਪ’ ਮੰਤਰੀ ਗੋਪਾਲ ਰਾਏ ਨੇ ਦਿੱਲੀ ਦੇ ਲੋਕਾਂ ਨੂੰ ਝੂਠ ਬੋਲਿਆ ਕਿ ‘ਰੈੱਡ ਲਾਈਟ ਆਨ, ਗੱਡੀ ਆਫ ‘ ਦੀ ਮੁਹਿੰਮ 28 ਅਕਤੂਬਰ ਨੂੰ ਸ਼ੁਰੂ ਕੀਤੀ ਜਾਣੀ ਸੀ।
ਸੂਤਰਾਂ ਨੇ ਅੱਗੇ ਦਾਅਵਾ ਕੀਤਾ ਕਿ ਇਹ ਫਾਈਲ 21 ਅਕਤੂਬਰ ਨੂੰ ਐਲ-ਜੀ ਸਕੱਤਰੇਤ ਨੂੰ ਭੇਜੀ ਗਈ ਸੀ ਜੋ ਸ਼ੁੱਕਰਵਾਰ ਸੀ, ਜਿਸ ਤੋਂ ਬਾਅਦ ਵੀਕੈਂਡ ਤੋਂ ਬਾਅਦ 27 ਅਕਤੂਬਰ (ਵੀਰਵਾਰ) ਨੂੰ ਦਫਤਰ ਪੂਰੀ ਤਰ੍ਹਾਂ ਖੁੱਲ੍ਹੇ ਸਨ। ਇਸ ਪੱਖ ’ਤੇ ਸਹੀ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੈ। ਮੰਤਰੀ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਜਦੋਂ ਐਲ-ਜੀ ਅਸੋਲਾ-ਭਾਟੀ ਵਿਚ ਸਰਕਾਰੀ ਸਮਾਗਮ ਕਾਰਨ ਦਫਤਰ ਤੋਂ ਬਾਹਰ ਸੀ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਨੇ ਅਜਿਹਾ ਐਲ-ਜੀ ਦੀ ਹੇਠੀ ਦਿਖਾਉਣ ਲਈ ਕੀਤਾ ਸੀ।