ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਮਈ
ਉੱਤਰ ਪ੍ਰਦੇਸ਼ ਵਿੱਚ ਪੰਚਾਇਤੀ ਚੋਣ ਨਤੀਜੇ-2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈਆਂ ਇਹ ਚੋਣਾਂ ਸੱਤਾ ਦੇ ਨਾਲ ਨਾਲ ਵਿਰੋਧੀ ਧਿਰ ਲਈ ਵੀ ਮਹੱਤਵਪੂਰਨ ਹਨ। ਦਿੱਲੀ ਦੀ ਸੱਤਾ ’ਤੇ ਕਾਬਜ ਆਮ ਆਦਮੀ ਪਾਰਟੀ ਨੇ ਇਸ ਵਾਰ ਯੂਪੀ ਪੰਚਾਇਤੀ ਚੋਣਾਂ ਵਿੱਚ ਕਿਸਮਤ ਅਜ਼ਮਾਈ ਹੈ। ਪਾਰਟੀ ਨੇ ਸਾਰੇ ਜ਼ਿਲ੍ਹਿਆਂ ਵਿਚ ਗ੍ਰਾਮ ਪ੍ਰਧਾਨ, ਗ੍ਰਾਮ ਪੰਚਾਇਤ, ਖੇਤਰ ਪੰਚਾਇਤ (ਬੀਡੀਸੀ) ਤੇ ਜ਼ਿਲ੍ਹਾ ਪੰਚਾਇਤ ਮੈਂਬਰ ਲਈ ਆਪਣੇ ਸਮਰਥਨ ਨਾਲ ਉਮੀਦਵਾਰ ਖੜੇ ਕੀਤੇ ਸਨ। ‘ਆਪ’ ਦੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਲਾਕੇ ਵਿੱਚ ਖਾਤਾ ਖੋਲ੍ਹਣ ’ਚ ਆਮ ਆਦਮੀ ਪਾਰਟੀ ਸਫ਼ਲ ਰਹੀ ਹੈ। ਜਰਨੈਲ ਸਿੰਘ ਅਨੁਸਾਰ ਜ਼ਿਲ੍ਹਾ ਪੰਚਾਇਤ ਮੈਂਬਰਾਂ ਕੋਲ ਉੱਤਰ ਪ੍ਰਦੇਸ਼ ਦੇ 75 ਜ਼ਿਲ੍ਹਿਆਂ ਵਿੱਚ ਕੁੱਲ 3051 ਸੀਟਾਂ ਹਨ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਗ੍ਰਾਮ ਪ੍ਰਧਾਨ, ਬੀਡੀਸੀ ਅਤੇ ਜ਼ਿਲ੍ਹਾ ਪੰਚਾਇਤ ਦੀਆਂ 350 ਤੋਂ ਵੱਧ ਸੀਟਾਂ ਜਿੱਤੀਆਂ ਹਨ। ਜ਼ਿਲ੍ਹਾ ਪੰਚਾਇਤ ਵਿੱਚ 90 ਤੋਂ ਵੱਧ ਉਮੀਦਵਾਰ ਜੇਤੂ ਰਹੇ ਹਨ। ਗ੍ਰਾਮ ਪ੍ਰਧਾਨ ਤੇ ਬੀਡੀਸੀ ਸੀਟਾਂ ’ਤੇ 250 ਤੋਂ ਵੱਧ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਗੋਰਖਪੁਰ ਜ਼ਿਲ੍ਹਾ ਪੰਚਾਇਤ ਦੇ ਵਾਰਡ 61 ਵਿੱਚ ਆਮ ਆਦਮੀ ਪਾਰਟੀ ਜੇਤੂ ਰਹੀ ਹੈ, ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਸੰਸਦੀ ਖੇਤਰ, ਵਾਰਾਣਸੀ ਵਿੱਚ ਜ਼ਿਲ੍ਹਾ ਪੰਚਾਇਤ ਦੀ ਵੀ ਇੱਕ ਸੀਟ ਜਿੱਤੀ ਹੈ। ਇਸ ਤੋਂ ਇਲਾਵਾ ਬਿਜਨੌਰ, ਅਮਰੋਹਾ ਅਤੇ ਪ੍ਰਤਾਪਗੜ ਵਰਗੇ ਜ਼ਿਲ੍ਹਿਆਂ ਵਿੱਚ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ।