ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਫਰਵਰੀ
ਸੂਰਤ ਨਗਰ ਨਿਗਮ ਚੋਣਾਂ ਵਿਚ ਆਪਣੀ ਪਾਰਟੀ ਦੀ ਹਾਲੀਆ ਸਫ਼ਲਤਾ ਦਾ ਹਵਾਲਾ ਦਿੰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਆਪ’ ਇਕਲੌਤੀ ਪਾਰਟੀ ਹੈ, ਜੋ ਦੇਸ਼ ਵਿਚ ਭਾਜਪਾ ਨੂੰ ਚੁਣੌਤੀ ਦੇ ਰਹੀ ਹੈ। ਉਹ ਇਥੇ ਦਿੱਲੀ ਨਗਰ ਨਿਗਮ ਉਪ-ਚੋਣਾਂ ਤੋਂ ਪਹਿਲਾਂ ਇੱਕ ਰੋਡ ਸ਼ੋਅ ਵਿੱਚ ਬੋਲ ਰਹੇ ਸਨ। ‘ਆਪ’, ਭਾਜਪਾ ਤੇ ਕਾਂਗਰਸ ਵੱਲੋਂ ਦਿੱਲੀ ਦੇ ਪੰਜ ਨਗਰ ਨਿਗਮ ਵਾਰਡਾਂ ਦੀਆਂ ਜ਼ਿਮਨੀ ਚੋਣਾਂ ਲੜੀਆਂ ਜਾ ਰਹੀਆਂ ਹਨ। ਆਪਣੀ ਪਾਰਟੀ ਦੇ ਉਮੀਦਵਾਰ ਲਈ ਵੋਟ ਮੰਗਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਇਕ ‘ਜ਼ੀਰੋ ਹੈ ਤੇ ਇਸ ਨੂੰ ਵੋਟ ਪਾਉਣਾ ਬੇਕਾਰ ਹੈ। ‘ਆਪ’ ਦੇ ਕੌਮੀ ਕਨਵੀਨਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦਿੱਲੀ ਵਿੱਚ ‘ਜ਼ੀਰੋ’ ਪਾਵਰ ਬਿੱਲ, ਚੰਗੇ ਹਸਪਤਾਲ ਅਤੇ ਸਕੂਲ ਮੁਹੱਈਆ ਕਰਵਾਏ ਹਨ ਤੇ ਲੋਕਾਂ ਨੂੰ ਐਤਵਾਰ ਨੂੰ ਦਿੱਲੀ ਨਗਰ ਨਿਗਮ ਉਪ ਚੋਣਾਂ ਵਿੱਚ ਪਾਰਟੀ ਉਮੀਦਵਾਰ ਨੂੰ ਵੋਟ ਪਾਉਣ ਲਈ ਕਿਹਾ ਹੈ। ਕੇਜਰੀਵਾਲ ਨੇ ਅੱਜ ਸੀਲਮਪੁਰ, ਕਾਂਡਲੀ ਅਤੇ ਤ੍ਰਿਲੋਕਪੁਰੀ ਇਲਾਕਿਆਂ ਵਿੱਚ ਰੋਡ ਸ਼ੋਅ ਕੀਤਾ ਤੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਦੇ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾਉਣ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਦਿੱਲੀ ਵਿੱਚ ਹੈ ਅਤੇ ‘ਆਪ’ ਦੇ ਐੱਮਸੀਡੀ ਵਿੱਚ ਕੌਂਸਲਰ ਵੀ ਹੋਣਗੇ, ਦੋਵੇਂ ਮਿਲ ਕੇ ਦਿੱਲੀ ਦਾ ਵਿਕਾਸ ਕਰਨਗੇ। ਉਨ੍ਹਾਂ ਕਿਹਾ ਜੇਕਰ ਕੋਈ ਪਾਰਟੀ ਪੂਰੇ ਦੇਸ਼ ਵਿਚ ਭਾਜਪਾ ਨੂੰ ਹਰਾ ਰਹੀ ਹੈ ਅਤੇ ਚੁਣੌਤੀ ਦੇ ਰਹੀ ਹੈ ਤਾਂ ਉਹ ਆਮ ਆਦਮੀ ਪਾਰਟੀ ਹੀ ਹੈ। ਰੋਡ ਸ਼ੋਅ ਦੌਰਾਨ ‘ਆਪ’ ਉਮੀਦਵਾਰਾਂ ਸਮੇਤ ਸਥਾਨਕ ਵਿਧਾਇਕ ਅਤੇ ਪਾਰਟੀ ਵਰਕਰ ਅਤੇ ਸਥਾਨਕ ਵਸਨੀਕ ਮੌਜੂਦ ਸਨ। ਦੁਪਹਿਰ 3 ਵਜੇ ਸੀਲਮਪੁਰ ਦੇ ਵਾਰਡ 41 ਈ ਚੌਹਾਨ ਬਾਂਗੜ ਵਿੱਚ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ। ਰੋਡ ਸ਼ੋਅ ਚੌਹਾਨ ਬਾਂਗੜ ਦੀ ਗਲੀ ਨੰਬਰ 29 ਤੋਂ ਸ਼ੁਰੂ ਹੋਇਆ ਤੇ ਸੰਜੇ ਗਲੀ ਨੰਬਰ 4 ਵਿੱਚ ਮਟਕੀ ਵਾਲੀ ਗਲੀ ਰਾਹੀਂ ਹੁੰਦਾ ਹੋਇਆ ਕਲਿਆਣ ਵਾਲੀ ਗਲੀ-2, ਬ੍ਰਹਮਾਪੁਰੀ ਰੋਡ ’ਤੇ ਸਮਾਪਤ ਹੋਇਆ।