ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਸਤੰਬਰ
ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਦੋਸ਼ ਲਗਾਇਆ ਹੈ ਕਿ ‘ਆਪ’ ਨਾ ਸਿਰਫ ਆਪਣੇ ਅਪਰਾਧੀ ਵਿਧਾਇਕਾਂ ਨੂੰ ਸੁਰੱਖਿਆ ਦੇ ਰਹੀ ਹੈ ਸਗੋਂ ਅਤਿਵਾਦੀ ਤੇ ਅੰਡਰਵਰਲਡ ਨਾਲ ਆਪਣੇ ਸਬੰਧਾਂ ਨੂੰ ਵੀ ਛੁਪਾ ਰਹੀ ਹੈ। ਇਥੇ ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਪਤਾ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਦੇ ਛਾਪੇ ਦੌਰਾਨ ਗ੍ਰਿਫ਼ਤਾਰ ‘ਆਪ’ ਵਿਧਾਇਕ ਅਮਾਨਤੁੱਲਾ ਖ਼ਾਨ ਦੇ ਘਰੋਂ ਕਾਰਤੂਸਾਂ ਅਤੇ ਪੈਸਿਆਂ ਵਾਲੀ ਲਾਲ ਡਾਇਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਸ਼ੱਕ ਹੈ ਕਿ ਇਸ ਡਾਇਰੀ ਵਿਚ ਉਨ੍ਹਾਂ ਦੇ ਅਤੇ ‘ਆਪ’ ਦੇ ਹੋਰ ਵਿਧਾਇਕਾਂ ਦੇ ਅਤਿਵਾਦੀਆਂ ਅਤੇ ਅੰਡਰਵਰਲਡ ਨਾਲ ਸਬੰਧਾਂ ਦੀ ਜਾਣਕਾਰੀ ਛੁਪੀ ਹੋਈ ਹੈ।
ਇਸ ਤੱਥ ਨੂੰ ਸਾਹਮਣੇ ਆਉਣ ਤੋਂ ਰੋਕਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਵਿਧਾਇਕਾਂ ਨੂੰ ਸਫਾਈ ਸਰਟੀਫਿਕੇਟ ਵੰਡਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਮਾਨਤੁੱਲਾ ਖ਼ਾਨ ਨੇ ਵਕਫ਼ ਬੋਰਡ ਦੇ ਚੇਅਰਮੈਨ ਹੋਣ ਦੇ ਬਾਵਜੂਦ ਚਾਂਦਨੀ ਚੌਕ ਦੀ ਫਤਹਿਪੁਰ ਮਸਜਿਦ ਵਿੱਚ ਚੱਲ ਰਹੇ ਪ੍ਰਾਇਮਰੀ ਸਕੂਲ ਨੂੰ ਬੰਦ ਕਰਵਾ ਕੇ 11 ਨਵੀਆਂ ਦੁਕਾਨਾਂ ਬਣਵਾਈਆਂ ਹਨ ਅਤੇ ਉਥੋਂ ਪ੍ਰਾਪਤ ਹੋਏ ਪੈਸੇ ਨੂੰ ਆਪਣੇ ਨਿੱਜੀ ਲਾਭ ਲਈ ਖਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਕਫ਼ ਬੋਰਡ ਦਾ ਕੰਮ ਘੱਟ ਗਿਣਤੀ ਵਰਗ ਦੇ ਗਰੀਬ ਬੱਚਿਆਂ ਨੂੰ ਸਿੱਖਿਆ ਦੇਣਾ ਹੈ ਤੇ ਸਾਲਾਂ ਤੋਂ ਚੱਲ ਰਹੇ ਸਕੂਲ ਨੂੰ ਬੰਦ ਕਰਕੇ ਬਾਜ਼ਾਰ ਬਣਾ ਦਿੱਤਾ ਗਿਆ। ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਿਨ੍ਹਾਂ ਮੁੱਦਿਆਂ ਦੀ ਗੱਲਕ ਰਦੀ ਸੀ ਉਹ ਹੁਣ ਬਦਲ ਗਏ ਹਨ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਚਰਿੱਤਰ ਤੇ ਚਿਹਰਾ ਪੂਰੀ ਤਰ੍ਹਾਂ ਬਦਲ ਗਿਆ ਹੈ। ਭ੍ਰਿਸ਼ਟਾਚਾਰ ਵਿਰੁੱਧ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਅਤੇ ਇਸ ਦੇ ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕ ਭ੍ਰਿਸ਼ਟਾਚਾਰ ਵਿੱਚ ਪੂਰੀ ਤਰ੍ਹਾਂ ਡੁੱਬੇ ਹੋਏ ਹਨ। ਕੇਜਰੀਵਾਲ ਆਪਣੇ ਭ੍ਰਿਸ਼ਟ ਮੰਤਰੀਆਂ ਦਾ ਬਚਾਅ ਕਰਦਾ ਹੈ ਅਤੇ ਆਪਣੇ ਸਾਥੀਆਂ ਨੂੰ ਕਾਨੂੰਨ ਤੋਂ ਉੱਪਰ ਸਮਝਦੇ ਹਨ।