ਨਵੀਂ ਦਿੱਲੀ (ਪੱਤਰ ਪ੍ਰੇਰਕ): ‘ਆਪ’ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਕੇਂਦਰ ਸਰਕਾਰ ਭਾਜਪਾ ਸ਼ਾਸਿਤ ਦਿੱਲੀ ਕਾਰਪੋਰੇਸ਼ਨ ਦੇ ਭ੍ਰਿਸ਼ਟਾਚਾਰ ਤੋਂ ਜਾਣੂ ਹੈ, ਇਸ ਲਈ ਉਹ ਨਿਗਮ ਨੂੰ ਇੱਕ ਰੁਪਿਆ ਵੀ ਦੇਣ ਨੂੰ ਤਿਆਰ ਨਹੀਂ ਹੈ। ਕੇਂਦਰ ਸਾਰੇ ਕਾਰਪੋਰੇਸ਼ਨਾਂ ਨੂੰ ਪ੍ਰਤੀ ਵਿਅਕਤੀ 400 ਰੁਪਏ ਦਿੰਦਾ ਹੈ, ਜਿਸ ਦੇ ਹਿਸਾਬ ਨਾਲ ਪਿਛਲੇ 15 ਸਾਲਾਂ ਤੋਂ ਕਰੀਬ 25,000 ਕਰੋੜ ਰੁਪਏ ਦਾ ਫੰਡ ਬਣਦਾ ਹੈ ਪਰ ਦਿੱਲੀ ਨਿਗਮ ਨੂੰ ਕੇਂਦਰ ਤੋਂ ਇੱਕ ਪੈਸਾ ਵੀ ਨਹੀਂ ਮਿਲਿਆ। ਭਾਰਦਵਾਜ ਨੇ ਕਿਹਾ ਕਿ ਐੱਮਸੀਡੀ ਦੀਆਂ 2017 ਦੀਆਂ ਚੋਣਾਂ ਵਿੱਚ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਹਾ ਸੀ ਕਿ ਅਸੀਂ ਨਿਗਮ ਦੇ ਸਾਰੇ ਫੰਡ ਸਿੱਧੇ ਕੇਂਦਰ ਸਰਕਾਰ ਤੋਂ ਲਵਾਂਗੇ। ਬੁਲਾਰੇ ਨੇ ਕਿਹਾ ਕਿ ਐੱਮਸੀਡੀ ਮੈਨੀਫੈਸਟੋ ’ਤੇ ਮਨੋਜ ਤਿਵਾੜੀ ਦੇ ਵੀਡੀਓ ਤੋਂ ਸਾਫ਼ ਹੈ ਕਿ ਭਾਜਪਾ ਨੇ ਦਿੱਲੀ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਭਾਰਦਵਾਜ ਨੇ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘ਅੱਜ ਅਸੀਂ ਤੁਹਾਡੇ ਸਾਹਮਣੇ ਦਿੱਲੀ ਨਗਰ ਨਿਗਮ ਦਾ ਮੈਨੀਫੈਸਟੋ, ਦਿੱਲੀ ਭਾਜਪਾ ਦੇ ਤਤਕਾਲੀ ਪ੍ਰਧਾਨ ਮਨੋਜ ਤਿਵਾੜੀ ਦੇ ਇੰਟਰਵਿਊ ਦੀ ਵੀਡੀਓ ਵੀ ਲੈ ਕੇ ਆਏ ਹਾਂ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਅਸੀਂ ਸਿੱਧੇ ਕੇਂਦਰ ਸਰਕਾਰ ਤੋਂ ਫੰਡ ਲਿਆਵਾਂਗੇ।’ ਮੁੱਖ ਬੁਲਾਰੇ ਨੇ ਕਿਹਾ ਕਿ ਕਿ ਪਿਛਲੇ 10 ਸਾਲਾਂ ਤੋਂ ਭਾਜਪਾ ਵੱਲੋਂ ਨਿਗਮ ਦੇ ਫੰਡਾਂ ਦਾ ਰੋਣਾ ਲੋਕਾਂ ਤੇ ਪੱਤਰਕਾਰਾਂ ਸਾਹਮਣੇ ਰੋਇਆ ਜਾ ਰਿਹਾ ਹੈ। ਹੁਣ ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਐੱਮਸੀਡੀ ਦੇ ਆਗੂ ਭੜਕ ਉੱਠੇ। ਉਲਟਾ ਨਿਗਮ ਮੇਅਰ ਨੇ ਪੱਤਰਕਾਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਨੀਫੈਸਟੋ ਕਿੱਥੇ ਹੈ?