ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਸਤੰਬਰ
ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਘਰ-ਘਰ ਜਾ ਕੇ ਕੰਮ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ‘ਆਪ’ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ। ਮੀਟਿੰਗ ਵਿੱਚ ‘ਆਪ’ ਵਿਧਾਇਕ ਤੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ, ਵਿਧਾਇਕ ਦਲੀਪ ਪਾਂਡੇ, ਆਜ਼ਾਦਪੁਰ ਮੰਡੀ ਦੇ ਚੇਅਰਮੈਨ ਆਦਿਲ ਖਾਨ ਅਤੇ ਗੋਪਾਲ ਮੋਹਨ ਮੌਜੂਦ ਸਨ। ਵਿਧਾਇਕ ਦੁਰਗੇਸ਼ ਪਾਠਕ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਬਿਜਲੀ ਸਬਸਿਡੀ ਦੀ ਰਜਿਸਟਰੇਸ਼ਨ ਤੇ ਕੂੜੇ ਦੇ 16 ਨਵੇਂ ਪਹਾੜ ਬਣਾਉਣ ਦੀ ਭਾਜਪਾ ਦੀ ਯੋਜਨਾ ਬਾਰੇ ਜਾਗਰੂਕ ਕੀਤਾ ਜਾਵੇਗਾ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸਬਸਿਡੀ ਚਾਹੁੰਦੇ ਹਨ ਪਰ ਇਹ ਨਹੀਂ ਜਾਣਦੇ ਕਿ ਕਿਵੇਂ ਰਜਿਸਟਰ ਕਰਨਾ ਹੈ। ਆਮ ਆਦਮੀ ਪਾਰਟੀ ਦੇ ਵਰਕਰ ਬਿਜਲੀ ਸਬਸਿਡੀ ਲਈ ਲੋਕਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਹਰ ਘਰ ਦਾ ਦੌਰਾ ਕਰਨਗੇ। ਭਾਜਪਾ ਸ਼ਾਸਤ ਐੱਮਸੀਡੀ ਕੂੜੇ ਦੇ 16 ਨਵੇਂ ਪਹਾੜ ਚੁੱਕਣ ਜਾ ਰਹੀ ਹੈ, ਘਰ-ਘਰ ਜਾ ਕੇ ਦਿੱਲੀ ਦੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇਗਾ।
ਆਜ਼ਾਦਪੁਰ ਮੰਡੀ ਦੇ ਚੇਅਰਮੈਨ ਆਦਿਲ ਖਾਨ ਅਹਿਮਦ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਜਿਹੜੇ ਲੋਕ ਅਕਤੂਬਰ ਤੋਂ ਸਬਸਿਡੀ ਜਾਰੀ ਰੱਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਰਜਿਸਟਰ ਕਰਨਾ ਹੋਵੇਗਾ। ਦੁਰਗੇਸ਼ ਪਾਠਕ ਨੇ ਕਿਹਾ ਕਿ ਝੁੱਗੀ-ਝੌਂਪੜੀਆਂ, ਕਲੋਨੀਆਂ ਅਤੇ ਗਰੀਬ ਖੇਤਰਾਂ ਦੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਰਜਿਸਟਰ ਕਿਵੇਂ ਕਰਨਾ ਹੈ। ਇਸ ਲਈ ਦਿੱਲੀ ਭਰ ਤੋਂ ਆਪਣੇ ਸਾਰੇ ਅਹੁਦੇਦਾਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ, ਉਸ ਤੋਂ ਬਾਅਦ ਉਹ ਇਕ ਟੀਮ ਬਣਾ ਕੇ ਦਿੱਲੀ ਦੇ ਹਰ ਘਰ ਵਿਚ ਜਾ ਕੇ ਰਜਿਸਟ੍ਰੇਸ਼ਨ ਕਰਵਾਉਣਗੇ।ਉਨ੍ਹਾਂ ਕਿਹਾ ਕਿ ਲੋਕ ਪੁੱਛ ਰਹੇ ਹਨ ਕਿ ਕਿਸ ਨੰਬਰ ਤੋਂ ਰਜਿਸਟਰੇਸ਼ਨ ਕਰਵਾਈ ਜਾਵੇ। ਇਸ ਲਈ ਰਜਿਸਟ੍ਰੇਸ਼ਨ ਪਰਿਵਾਰ ਦੇ ਕਿਸੇ ਇੱਕ ਨੰਬਰ ਤੋਂ ਕੀਤੀ ਜਾ ਸਕਦੀ ਹੈ, ਬਸ਼ਰਤੇ ਇਹ ਵਟਸਐਪ ’ਤੇ ਹੋਵੇ। ਇੱਕ ਸਵਾਲ ਇਹ ਵੀ ਆਇਆ ਕਿ ਕੀ ਇੱਕ ਫੋਨ ਨੰਬਰ ਤੋਂ ਇੱਕ ਹੀ ਰਜਿਸਟ੍ਰੇਸ਼ਨ ਹੋ ਸਕਦੀ ਹੈ ਜਾਂ ਕਈ ਰਜਿਸਟ੍ਰੇਸ਼ਨਾਂ ਹੋ ਸਕਦੀਆਂ ਹਨ। ਇਸ ਦਾ ਜਵਾਬ ਹੈ ਕਿ ਇੱਕ ਨੰਬਰ ’ਤੇ ਸਿਰਫ਼ ਇੱਕ ਹੀ ਰਜਿਸਟ੍ਰੇਸ਼ਨ ਸੰਭਵ ਹੈ। ਜੇ ਦੁਬਾਰਾ ਕੋਸ਼ਿਸ਼ ਕਰਦੇ ਹੋ, ਤਾਂ ਇਹ ਆਪਣੇ ਆਪ ਦੱਸ ਦੇਵੇਗਾ ਕਿ ਇਸ ਨੰਬਰ ਨਾਲ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਜੇ ਇੱਕ ਘਰ ਵਿੱਚ 4 ਮੀਟਰ ਹਨ ਤਾਂ ਕੀ ਉਸ ਨੂੰ ਚਾਰ ਵੱਖ-ਵੱਖ ਨੰਬਰਾਂ ਨਾਲ ਰਜਿਸਟਰ ਕੀਤਾ ਜਾਵੇਗਾ। ਇਸ ਲਈ ਹਰੇਕ ਮੀਟਰ ਲਈ ਇੱਕ ਵੱਖਰਾ ਨੰਬਰ ਦਰਜ ਕਰਨਾ ਹੋਵੇਗਾ। ਪਾਠਕ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਵਿੱਚ 16 ਹੋਰ ਨਵੇਂ ਕੂੜੇ ਦੇ ਪਹਾੜ ਖੜ੍ਹੇ ਕਰਨ ਜਾ ਰਹੀ ਹੈ।