ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਕਤੂਬਰ
ਸ਼ਹਿਰ ਵਿੱਚ ਦਰਜ ਕੀਤੇ ਗਏ ਕੁੱਲ ਜੁਰਮਾਂ ਦਾ ਤਕਰੀਬਨ 20 ਫ਼ੀਸਦੀ ਹਿੱਸਾ ਵਾਹਨ ਚੋਰੀਆਂ ਦਾ ਹੈ। ਕੌਮੀ ਰਾਜਧਾਨੀ ਖੇਤਰ (ਦਿੱਲੀ-ਐਨਸੀਆਰ) ਵਿੱਚ ਦੇਸ਼ ਦੀਆਂ ਕੁੱਲ ਵਾਰਦਾਤਾਂ ਦਾ ਲਗਭਗ 56 ਫ਼ੀਸਦੀ ਵਾਹਨ ਚੋਰੀਆਂ ਹੁੰਦੀਆਂ ਹਨ। ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਸ਼ਹਿਰ ਵਿੱਚ ਦਰਜ ਕੀਤੇ ਗਏ ਕੁੱਲ ਅਪਰਾਧਾਂ ਦਾ ਲਗਭਗ 20 ਫ਼ੀਸਦੀ ਵਾਹਨ ਚੋਰੀ ਦਾ ਹੁੰਦਾ ਹੈ। ਇਸ ਅਨੁਸਾਰ ਹਰ 12 ਮਿੰਟ ਵਿੱਚ ਇੱਕ ਵਾਹਨ ਚੋਰੀ ਹੁੰਦਾ ਹੈ।
ਰਿਪੋਰਟ ਅਨੁਸਾਰ ਵਾਹਨ ਚੋਰੀ ਦੇ ਸਭ ਤੋਂ ਵੱਧ ਖ਼ਤਰੇ ਵਾਲੇ ਖੇਤਰ ਰੋਹਿਣੀ, ਭਜਨਪੁਰਾ, ਉੱਤਮ ਨਗਰ, ਸੈਕਟਰ-12 ਨੋਇਡਾ, ਸਾਊਥ ਸਿਟੀ, ਗੁਰੂਗ੍ਰਾਮ, ਦਿਆਲਪੁਰ ਅਤੇ ਸੁਲਤਾਨਪੁਰੀ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੈਗਨ-ਆਰ ਤੇ ਸਵਿਫਟ ਡਿਜ਼ਾਇਰ ਵਰਗੀਆਂ ਮਸ਼ਹੂਰ ਕਾਰਾਂ ਸਭ ਤੋਂ ਵੱਧ ਚੋਰੀ ਹੁੰਦੀਆਂ ਹਨ। ਦੋਪਹੀਆ ਵਾਹਨਾਂ ਸਬੰਧੀ ਰਿਪੋਰਟ ਦੇ ਅਨੁਸਾਰ ਹੀਰੋ ਸਪਲੈਂਡਰ ਸਭ ਤੋਂ ਵੱਧ ਚੋਰੀ ਕੀਤੀ ਗਈ ਹੈ। ਸਭ ਤੋਂ ਵੱਧ ਚੋਰੀ ਹੋਣ ਵਾਲੀਆਂ ਕਾਰ ਅਤੇ ਬਾਈਕ ਬ੍ਰਾਂਡਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਹ ਹਨ ਮਾਰੂਤੀ, ਹੁੰਦਈ, ਹੌਂਡਾ, ਹੀਰੋ, ਬਜਾਜ ਅਤੇ ਰਾਇਲ ਐਨਫੀਲਡ।
ਦਿੱਲੀ ਪੁਲੀਸ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2011 ਤੋਂ 2020 ਦਰਮਿਆਨ ਕੌਮੀ ਰਾਜਧਾਨੀ ਵਿੱਚ ਤਿੰਨ ਲੱਖ ਤੋਂ ਵੱਧ ਵਾਹਨ ਚੋਰੀ ਹੋਏ ਹਨ। ਰਾਜਧਾਨੀ ਵਿੱਚ ਹਰ 12 ਮਿੰਟ ਵਿੱਚ ਇੱਕ ਵਾਹਨ ਚੋਰੀ ਹੁੰਦਾ ਹੈ ਤੇ ਸ਼ਹਿਰ ਵਿੱਚ ਦਰਜ ਕੀਤੇ ਗਏ ਕੁੱਲ ਅਪਰਾਧਾਂ ਦਾ ਲਗਭਗ 20 ਫ਼ੀਸਦੀ ਵਾਹਨ ਚੋਰੀ ਹੁੰਦਾ ਹੈ। ਰਿਪੋਰਟ ਵਿੱਚ ਇਹ ਵੀ ਉਜਾਗਰ ਕੀਤਾ ਗਿਆ ਹੈ ਕਿ 2012 ਤੋਂ 2021 ਦਰਮਿਆਨ, ਨਵੀਂ ਦਿੱਲੀ ਵਿੱਚ ਵਾਹਨ ਚੋਰੀਆਂ ਵਿੱਚ ਵਾਧਾ 103 ਫ਼ੀਸਦੀ ਸੀ।