ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੁਲਾਈ
ਦਿੱਲੀ ਦੇ ਮਸਜਿਦ ਮੋਠ ਇਲਾਕੇ ਵਿੱਚ ਇੱਕ ਵੱਡਾ ਦਰੱਖ਼ਤ ਅਚਾਨਕ ਦੁਪਹਿਰ ਵੇਲੇ ਡਿੱਗਣ ਕਾਰਨ ਇਸ ਦੇ ਹੇਠਾਂ ਖੜ੍ਹੀਆਂ ਕਾਰਾਂ, ਦੋ ਪਹੀਆ ਵਾਹਨ ਤੇ ਟੈਂਪੂ ਨੁਕਸਾਨੇ ਗਏ। ਦਰਖ਼ੱਤ ਦੇ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤੇ ਗੱਡੀਆਂ ਦਾ ਖਾਸਾ ਨੁਕਸਾਨ ਹੋਇਆ। ਦਿੱਲੀ ਪੁਲੀਸ ਵੱਲੋਂ ਦੱਸਿਆ ਗਿਆ ਕਿ ਦੱਖਣੀ ਦਿੱਲੀ ਦੇ ਇਲਾਕੇ ਵਿੱਚ ਇਹ ਘਟਨਾ ਦੋ ਵਜੇ ਕਰੀਬ ਦੁਪਹਿਰ ਨੂੰ ਵਾਪਰੀ। ਹਾਲਾਂਕਿ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਪੁਲੀਸ ਮੁਤਾਬਕ 4 ਕਾਰਾਂ ਤੇ ਦੋ ਪਹੀਆ ਇੱਕ ਵਾਹਨ ਤੇ ਇੱਕ ਟੈਂਪੂ ਉਪਰ ਇਹ ਦਰਖ਼ੱਤ ਡਿੱਗਿਆ। ਟਰੈਫਿਕ ਪੁਲੀਸ ਵੱਲੋਂ ਇਸ ਰੂਟ ਦੀ ਆਵਾਜਾਈ ਪਾਰਸ ਸਿਨੇਮਾ (ਨਹਿਰੂ ਪਲੈਸ) ਵੱਲ ਤਬਦੀਲ ਕੀਤੀ ਗਈ। ਬਾਗ਼ਬਾਨੀ ਮਹਿਕਮੇ ਵੱਲੋਂ ਦਰਖ਼ੱਤ ਦੇ ਟਾਹਣ ਵੱਢਣ ਲਈ ਮੁਲਾਜ਼ਮ ਭੇਜੇ ਗਏ ਤਾਂ ਜੋ ਰਾਹ ਛੇਤੀ ਸਾਫ਼ ਕੀਤਾ ਜਾ ਸਕੇ। ਦੇਰ ਰਾਤ ਨੂੰ ਆਵਾਜਾਈ ਸੁਚਾਰੂ ਰੂਪ ਵਿੱਚ ਚੱਲਣ ਲੱਗ ਗਈ ਸੀ। ਦਿੱਲੀ ਵਿੱਚ ਪੁਰਾਣੇ ਦਰਖ਼ੱਤਾਂ ਦੀਆਂ ਜੜ੍ਹਾਂ ਖੋਖਲੀਆਂ ਹੋ ਚੁੱਕੀਆਂ ਹਨ। ਬੀਤੇ ਮਹੀਨੇ ਤੇਜ਼ ਝੱਕੜ ਕਾਰਨ ਐੱਨਡੀਐੱਮਸੀ ਇਲਾਕੇ ਵਿੱਚ ਹੀ 77 ਵੱਡੇ ਦਰਖ਼ੱਤ ਉੱਖੜ ਗਏ ਸਨ ਤਾਂ ਮਾਹਿਰਾਂ ਵੱਲੋਂ ਇਸ ਦੇ ਕਈ ਕਾਰਨ ਗਿਣਾਏ ਗਏ ਸੀ। ਉਨ੍ਹਾਂ ਵਿੱਚ ਦਰਖ਼ੱਤਾਂ ਦੇ ਨੇੜੇ ਸੜਕਾਂ ਪੱਕੀਆਂ ਕਰਨੀਆਂ ਤੇ ਜੜ੍ਹਾਂ ਨੂੰ ਸਾਹ ਨਾ ਆਉਣਾ ਵੀ ਸ਼ਾਮਲ ਸੀ। 100 ਸਾਲ ਪੁਰਾਣੇ ਦਰਖ਼ੱਤਾਂ ਦੇ ਮੋਟੇ ਤਣੇ ਅੰਦਰੋਂ ਖੋਖਲ੍ਹੇ ਹੋਣ ਦੇ ਕਾਰਨਾਂ ਵਿੱਚ ਸਿਉਂਕ ਦਾ ਹਮਲਾ ਦੱਸਿਆ ਗਿਆ ਸੀ। ਜ਼ਿਕਰਯੋਗ ਹੈ ਕਿ ਅੰਗਰੇਜ਼ਾਂ ਨੇ ਦਿੱਲੀ ਵਿੱਚ ਨਿੰਮ, ਪਿੱਪਲ, ਜਾਮੁਣ, ਬੋਹੜ, ਗੁਲਮੋਹਰ ਆਦਿ ਦੇ ਦਰਖ਼ੱਤ ਚੌੜ੍ਹੀਆਂ ਸੜਕਾਂ ਦੇ ਕਿਨਾਰਿਆਂ ’ਤੇ ਹਰਿਆਲੀ ਲਈ ਲਾਏ ਸਨ, ਜੋ ਹੁਣ ਕਮਜ਼ੋਰ ਹੋ ਚੁੱਕੇ ਹਨ।