ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਅਗਸਤ
ਦਿੱਲੀ ਵਿੱਚ ਮੰਕੀਪੌਕਸ ਦਾ ਤੀਜਾ ਮਾਮਲਾ ਸਾਹਮਣੇ ਆਉਣ ਮਗਰੋਂ ਦਿੱਲੀ ਸਰਕਾਰ ਨੇ ਸ਼ੱਕੀ ਮਰੀਜ਼ਾਂ ਤੇ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਡਾਕਟਰੀ ਸਹੂਲਤਾਂ ਦੇਣ ਤੇ ਵੱਖਰੇ ਰੱਖਣ ਲਈ ਤਿੰਨ ਨਿੱਜੀ ਹਸਪਤਾਲ ਨੂੰ ਇਕਾਂਤਵਾਸ ਵਾਰਡ ਕਾਇਮ ਕਰਨ ਦੀ ਹਦਾਇਤ ਕੀਤੀ ਹੈ। ਜਾਣਕਾਰੀ ਮੁਤਾਬਿਤ ਅੱਜ ਰਾਜਧਾਨੀ ਵਿੱਚ ਅਫਰੀਕੀ ਮੂਲ ਦਾ ਇਕ 35 ਸਾਲਾ ਵਿਅਕਤੀ ਮੰਕੀਪੌਕਸ ਲਾਗ ਤੋਂ ਪ੍ਰਭਾਵਿਤ ਪਾਇਆ ਗਿਆ ਹੈ, ਜਿਸ ਨੇ ਹਾਲ ਦੀ ਘੜੀ ਵਿਦੇਸ਼ ਦੀ ਕੋਈ ਯਾਤਰਾ ਨਹੀਂ ਕੀਤੀ ਸੀ। ਇਹ ਮੰਕੀਪੌਕਸ ਦਾ ਦੇਸ਼ ਵਿੱਚ ਅੱਠਵਾਂ ਤੇ ਦਿੱਲੀ ਵਿੱਚ ਤੀਜਾ ਮਾਮਲਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਮੰਕੀਪੌਕਸ ਦੇ ਲੱਛਣ ਮਿਲਣ ਮਗਰੋਂ ਨਾਈਜੀਰੀਅਨ ਵਿਅਕਤੀ ਨੂੰ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਮਿਲੇ ਤਿੰਨ ਮਰੀਜ਼ਾਂ ਵਿੱਚੋਂ ਦੋ ਨਾਈਜੀਰੀਅਨ ਹਨ, ਜਿਨ੍ਹਾਂ ਨੂੰ ਲੋਕ ਨਾਇਕ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ।
ਦੋਵੇਂ ਹੀ ਇੱਕ ਰੇਸਤਰਾਂ ਵਿੱਚ ਕੰਮ ਕਰਦੇ ਹਨ। ਇਨ੍ਹਾਂ ਤੋਂ ਇਲਾਵਾ ਪੱਛਮੀ ਦਿੱਲੀ ਦੇ ਪੱਛਮ ਵਿਹਾਰ ਦੇ ਰਹਿਣ ਵਾਲੇ ਮੰਕੀਪੌਕਸ ਪੀੜਤ (34) ਨੂੰ ਅੱਜ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ ਹੈ। ਉਹ ਦਿੱਲੀ ਵਿੱਚ ਮਿਲਿਆ ਪਹਿਲਾ ਮਰੀਜ਼ ਸੀ।
ਛੇ ਹਸਪਤਾਲਾਂ ਵਿੱਚ ਇਕਾਂਤਵਾਸ ਕੇਂਦਰ ਸਥਾਪਤ
ਨਵੀਂ ਦਿੱਲੀ: ਦਿੱਲੀ ਵਿੱਚ ਮੰਕੀਪੌਕਸ ਨਾਲ ਨਜਿੱਠਣ ਲਈ ਛੇ ਹਸਪਤਾਲਾਂ ਵਿੱਚ 70 ਇਕਾਂਤਵਾਸ ਕੇਂਦਰ ਬਣਾਏ ਗਏ ਹਨ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਤੀਜਾ ਮਰੀਜ਼ ਆਉਣ ਤੋਂ ਕੁਝ ਘੰਟਿਆਂ ਬਾਅਦ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 20 ਕੇਂਦਰ ਪੀੜਤਾਂ ਤੇ ਸ਼ੱਕੀ ਮਰੀਜ਼ਾਂ ਦੇ ਇਲਾਜ ਲਈ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਵਿੱਚ ਸਥਾਪਿਤ ਕੀਤੇ ਗਏ ਹਨ। ਜਦਕਿ ਹੋਰ ਪੰਜ ਹਸਪਤਾਲਾਂ ਵਿੱਚ 10-10 ਕੇਂਦਰ ਸਥਾਪਿਤ ਕੀਤੇ ਗਏ ਹਨ। ਅਧਿਕਾਰੀਆਂ ਨੇ ਕਿਹ ਕਿ ਇਨ੍ਹਾਂ ਪੰਜ ਹਸਪਤਾਲ ਵਿੱਚ ਦਿੱਲੀ ਸਰਕਾਰ ਦੁਆਰਾ ਸੰਚਾਲਿਤ ਜੀਟੀਬੀ ਹਸਪਤਾਲ ਤੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਹਸਪਤਾਲ ਤੇ ਤਿੰਨ ਨਿੱਜੀ ਹਸਪਤਾਲਾਂ ਵਿੱਚ ਉੱਤਰੀ ਦਿੱਲੀ ਦਾ ਐੱਮਡੀ ਸਿਟੀ ਹਸਪਤਾਲ, ਪੂਰਬੀ ਦਿੱਲੀ ਦਾ ਕੈਲਾਸ਼ ਦੀਪਕ ਹਸਪਪਤਾਲ ਤੇ ਦੱਖਣੀ ਦਿੱਲੀ ਦਾ ਬੱਤਰਾ ਹਸਪਤਾਲ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਦਫ਼ਤਰ ਨੇ ਕਿਹਾ ਕਿ ਦਿੱਲੀ ਵਾਸੀਆਂ ਸੁਰੱਖਿਆ ਕੇਜਰੀਵਾਲ ਸਰਕਾਰ ਦੀ ਮੁੱਖ ਤਰਜੀਹ ਹੈ। ਸਿਸੋਦੀਆ ਦੇ ਹਵਾਲੇ ਤੋਂ ਬਿਆਨ ਵਿੱਚ ਕਿਹਾ ਗਿਆ ਕਿ ਦਿੱਲੀ ਸਰਕਾਰ ਹਾਲਤ ਨੇੜਿਉਂ ਦੇਖ ਰਹੀ ਹੈ ਤੇ ਉੱਚਿਤ ਬੰਦੋਬਸਤ ਕੀਤੇ ਜਾਣਗੇ। ਉਨ੍ਹਾਂ ਕਿਹਾ ‘ਆਪ’ ਸਰਕਾਰ ਨੇ ਮੰਕੀਪੌਕਸ ਨਾਲ ਨਜਿੱਠਣ ਲਈ ਤਿਆਰੀ ਖਿੱਚ ਲਈ ਹੈ। ਦਿੱਲੀ ਸਰਕਾਰ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਬੇਨਤੀ ਕੀਤੀ ਹੈ ਤੇ ਕਿਹਾ ਕਿ ਸੂਬਾ ਸਰਕਾਰ ਹਾਲਤ ਨੇੜਿਉਂ ਦੇਖ ਰਹੀ ਹੈ ਤੇ ਉੱਚਿਤ ਬੰਦੋਬਸਤ ਕੀਤੇ ਜਾਣਗੇ। ਇਸ ਲੋਕ ਨਾ ਘਬਰਾਉਣ ਤੇ ਇਸ ਲਾਗ ਤੋਂ ਆਪਣਾ ਬਚਾਅ ਰੱਖਿਆ ਜਾਵੇ। -ਪੀਟੀਆਈ