ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੁਲਾਈ
ਪੰਜਾਬੀ ਸਾਹਿਤ ਸਭਾ ਨੇ ਆਪਣੇ ਪੰਜਾਬੀ ਭਵਨ ਵਿਚ ਡਾ. ਵਨੀਤਾ ਦੀ ਪ੍ਰਧਾਨਗੀ ਹੇਠ ਮਾਸਿਕ ਸਾਹਿਤਕ ਇਕੱਤਰਤਾ ਕਰਵਾਈ। ਮੰਚ ਸੰਚਾਲਕ ਅਤੇ ਭਵਨ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਸੱਦੇ ਗਏ ਲੇਖਕਾਂ ਤੇ ਉਨ੍ਹਾਂ ਦੀਆਂ ਰਚਨਾਵਾਂ ਨਾਲ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਜਸਵੰਤ ਸਿੰਘ ਸੇਖਵਾਂ ਪੰਜਾਬੀ ਗਜ਼ਲ ਵਿਚ ਆਪਣਾ ਵਿਸ਼ੇਸ਼ ਸਥਾਨ ਰੱਖਦਾ ਹੈ ਤੇ ਉਸ ਦੇ ਗਜ਼ਲ ਸੰਗ੍ਰਹਿਆਂ ਦੀ ਗਜ਼ਲਗੋਆਂ ਨੇ ਜ਼ਿਕਰਯੋਗ ਚਰਚਾ ਕੀਤੀ ਹੈ। ਸੇਖਵਾਂ ਨੇ ਤਿੰਨ ਗਜ਼ਲਾਂ ਤੇ ਇਕ ਰੁਬਾਈ ਸੁਣਾਈ। ਚਰਨਜੀਤ ਰਾਹੀ ਨੇ ਆਪਣੀ ਲੰਮੀ ਪਰ ਸੰਖੇਪ ਵਿਚ ‘ਗੁਰਾਂ’ ਨਾਂ ਦੀ ਕਹਾਣੀ ਸੁਣਾਈ ਜਿਹੜੀ ਯਥਾਰਥ ਦਾ ਝੌਲਾ ਆਉਂਦੀ ਸੀ। ਕਵੀ ਰਾਜੀਵ ਸੇਠ ਨੇ ਸਮਕਾਲੀ ਸਥਿਤੀਆਂ ਨੂੰ ਉਘਾੜ ਕੇ ਤਰੀਕੇ ਤੇ ਸਲੀਕੇ ਨਾਲ ਪੇਸ਼ ਕਰਦੀਆਂ ਕੁਝ ਕਵਿਤਾਵਾਂ ਤੇ ਗਜ਼ਲਾਂ ਸੁਣਾਈਆਂ। ਛੋਟੀਆਂ ਪਰ ਡੂੰਘੇ ਅਰਥਾਂ ਵਾਲੀਆਂ ਕਵਿਤਾਵਾਂ ਦੀ ਸਿਰਜਨਹਾਰ ਤਰਿੰਦਰ ਕੌਰ ਨੇ ਆਪਣੀਆਂ ਸੱਜਰੀਆਂ ਨਜ਼ਮਾਂ ਸੁਣਾਈਆਂ। ਡਾ. ਵਨੀਤਾ ਨੇ ਆਪਣੇ ਪ੍ਰਧਾਨਗੀ ਸ਼ਬਦਾਂ ਵਿਚ ਪੜ੍ਹੀਆਂ ਗਈਆਂ ਸਮੁੱਚੀਆਂ ਕਵਿਤਾਵਾਂ ਉਤੇ ਟਿੱਪਣੀਆਂ ਕਰਦਿਆਂ ‘ਗੁਰਾਂ’ ਕਹਾਣੀ ਨੂੰ ਰੌਚਕ ਤੇ ਮਹੱਤਵਪੂਰਨ ਦੱਸਿਆ। ਜਸਵੰਤ ਸਿੰਘ ਸੇਖਵਾਂ ਨੂੰ ਪ੍ਰੌੜ ਗਜ਼ਲਕਾਰ ਆਖਦਿਆਂ ਉਸ ਦੀਆਂ ਕਈ ਗਜ਼ਲਾਂ ਤੇ ਸ਼ੇਅਰਾਂ ਦਾ ਚਰਚਾ ਕੀਤਾ। ਤਰਿੰਦਰ ਕੌਰ ਦੀਆਂ ਕਵਿਤਾਵਾਂ ਨੂੰ ਸੁਚੱਜੇ ਕਾਵਿ-ਖ਼ਿਆਲ ਕਹਿ ਕੇ ਵਡਿਆਇਆ।